ਲਖਨਊ ‘ਚ ਵਿਧਾਨ ਸਭਾ ਦੇ ਬਾਹਰ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਲਾਈ ਅੱਗ, ਦਹਿਸ਼ਤ ਦਾ ਮਾਹੌਲ

7 ਅਕਤੂਬਰ 2024

ਯੂਪੀ ਦੀ ਰਾਜਧਾਨੀ ਲਖਨਊ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਵਿਧਾਨ ਸਭਾ ਦੇ ਬਾਹਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਇਹ ਵਿਅਕਤੀ 50 ਪ੍ਰਤਿਸ਼ਤ ਦੇ ਕਰੀਬ ਸੜ ਗਿਆ। ਪੁਲਸ ਨੇ ਵਿਅਕਤੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਵਿਅਕਤੀ ਦੀ ਪਛਾਣ ਮੁੰਨਾ ਵਿਸ਼ਵਕਰਮਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3:15 ਵਜੇ ਮੁੰਨਾ ਵਿਸ਼ਵਕਰਮਾ (ਉਮਰ ਕਰੀਬ 40 ਸਾਲ) ਨਾਮਕ ਵਿਅਕਤੀ ਨੇ ਹਜ਼ਰਤਗੰਜ ਥਾਣਾ ਖੇਤਰ, ਵਿਧਾਨ ਸਭਾ ਮਾਰਗ ਵਿੱਚ ਆਤਮਦਾਹ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਂਟੀ ਇਮੋਲੇਸ਼ਨ ਸਕੁਐਡ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਮੁੰਨਾ ਵਿਸ਼ਵਕਰਮਾ ਦਾ ਬੰਗਾਲ ਟੈਂਟ ਹਾਊਸ ਦੇ ਰਣਜੀਤ ਚੱਕਰਵਰਤੀ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਮੀਡੀਆ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁੰਨਾ ਕੋਲ ਆਪਣੇ ਬੱਚਿਆਂ ਦੀ ਫੀਸ ਦੇਣ ਲਈ ਪੈਸੇ ਨਹੀਂ ਸਨ, ਜਿਸ ਕਾਰਨ ਉਹ ਮੁਸ਼ਕਲ ਵਿੱਚ ਸੀ। ਦੂਜੇ ਪਾਸੇ ਜਿਸ ਜਗ੍ਹਾ ‘ਤੇ ਉਹ ਕੰਮ ਕਰਦਾ ਸੀ, ਉਥੇ ਉਸ ਦਾ ਬੌਸ ਉਸ ਨੂੰ ਪੈਸੇ ਨਹੀਂ ਦੇ ਰਿਹਾ ਸੀ, ਜਿਸ ਕਾਰਨ ਝਗੜਾ ਚੱਲ ਰਿਹਾ ਸੀ। ਉਸ ਨੇ ਪੁਲੀਸ ਤੋਂ ਵੀ ਮਦਦ ਮੰਗੀ ਸੀ ਪਰ ਪੁਲੀਸ ਨਾਲ ਕਈ ਵਾਰ ਸੰਪਰਕ ਕਰਨ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਸ ਨੇ ਆਤਮਦਾਹ ਦਾ ਕਦਮ ਚੁੱਕ ਲਿਆ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।