ਬਹੁ-ਕਰੋੜੀ ਝੋਨਾ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਪਨਸਪ ਦਾ ਜਗਨਦੀਪ ਸਿੰਘ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ

ਪੰਜਾਬ ਨਿਊਜ਼,23 ਸਤੰਬਰ 2024

ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬਹੁ-ਕਰੋੜੀ ਝੋਨਾ ਘੁਟਾਲੇ ਦੇ ਕੇਸ ਵਿੱਚ ਭਗੌੜੇ ਪਨਸਪ (ਲੁਧਿਆਣਾ) ਦੇ ਸਾਬਕਾ ਜ਼ਿਲ੍ਹਾ ਮੈਨੇਜਰ (ਡੀ.ਐਮ.) ਜਗਨਦੀਪ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਜਗਨਦੀਪ ਸਿੰਘ ਢਿੱਲੋਂ ਵੱਲੋਂ ਅੱਜ ਲੁਧਿਆਣਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤੇ ਜਾਣ ਉਪਰੰਤ ਵਿਜੀਲੈਂਸ ਬਿਊਰੋ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਨਦੀਪ ਸਿੰਘ ਢਿੱਲੋਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਿੱਚ ਝੋਨੇ ਦੀ ਢੋਆ-ਢੁਆਈ ਦੇ ਟੈਂਡਰਾਂ ਨਾਲ ਸਬੰਧਤ ਘੁਟਾਲੇ ਵਿੱਚ ਪੁਲਿਸ ਉਸਦੀ ਭਾਲ ਕਰ ਰਹੇ ਸੀ। ਇਸ ਸਬੰਧ ਵਿੱਚ ਉਕਤ ਮੁਲਜ਼ਮ ਸਮੇਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਹੋਰ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਆਈ.ਪੀ.ਸੀ. ਦੀਆਂ ਧਾਰਾਵਾਂ 409, 467, 420 ਅਤੇ ਹੋਰ ਸਬੰਧਤ ਧਾਰਾਵਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7 ਅਤੇ 8 ਤਹਿਤ ਐਫ.ਆਈ.ਆਰ. ਨੰਬਰ 11 ਮਿਤੀ 16.08.2022 ਤਹਿਤ ਕੇਸ ਦਰਜ ਕੀਤਾ ਹੋਇਆ ਹੈ। ਅੱਗੇ ਉਨ੍ਹਾਂ ਦੱਸਿਆ ਕਿ ਢਿੱਲੋਂ ਨੇ ਪਹਿਲਾਂ 18.09.2023 ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਹਾਸਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ 16.07.2024 ਨੂੰ ਉਸਦੀ ਜ਼ਮਾਨਤ ਦੇ ਹੁਕਮ ਰੱਦ ਕਰ ਦਿੱਤੇ ਸਨ। ਉਦੋਂ ਤੋਂ ਹੀ ਢਿੱਲੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ, ਜਿਸ ਦੇ ਕਾਰਨ ਵਿਭਾਗ ਵੱਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।