ਪੰਜਾਬ ਦੇ CM ਮਾਨ ਨੇ 30 ਨਵੇਂ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ, ਵਿਰੋਧੀਆਂ ‘ਤੇ ਨਿਸ਼ਾਨਾ

ਪੰਜਾਬ ਨਿਊਜ਼,23 ਸਤੰਬਰ 2024

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ 30 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਬਠਿੰਡਾ ਦੇ ਪਿੰਡ ਚੋਕੇ ਵਿੱਚ ਕਰਵਾਏ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਮੇਰਾ ਪਰਿਵਾਰ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਕਰੀਬ ਢਾਈ ਸਾਲ ਹੋ ਚੁੱਕੇ ਹਨ। ਹੁਣ ਤੱਕ ਅਸੀਂ 44 ਹਜ਼ਾਰ 786 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਵਿੱਚ ਕੁਝ ਨਹੀਂ ਕੀਤਾ ਕਿਉਂਕਿ ਉਨ੍ਹਾਂ ਦੇ ਇਰਾਦੇ ਸਾਫ਼ ਨਹੀਂ ਸਨ। ਪੰਜਾਬ ਦੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹਨ। ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦੇਣ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਦੇ ਆਪਣੇ ਤਿੰਨ ਥਰਮਲ ਪਲਾਂਟ ਹਨ ਜਦਕਿ ਦੋ ਪ੍ਰਾਈਵੇਟ ਹਨ। ਸਰਕਾਰ ਕੋਲ ਕੋਲਾ ਵੀ ਕਾਫੀ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦਾ ਮੁੱਖ ਮੰਤਰੀ ਹਰ ਸਮੇਂ ਉਨ੍ਹਾਂ ਨਾਲ ਖੜ੍ਹਾ ਹੈ।

ਪੰਜਾਬ ਸਰਕਾਰ ਨੇ NOC ਕਾਨੂੰਨ ਪਾਸ ਕਰ ਦਿੱਤਾ ਹੈ। ਜੇਕਰ ਕੋਈ ਤਹਿਸੀਲਦਾਰ ਪੈਸੇ ਮੰਗਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਸਰਕਾਰ ਨੂੰ ਭੇਜੋ, ਉਸ ਤੋਂ ਬਾਅਦ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਚਾਇਤੀ ਚੋਣਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਪੜ੍ਹੇ ਲਿਖੇ ਨੌਜਵਾਨ ਲੜਕੇ-ਲੜਕੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਰਬਸੰਮਤੀ ਨਾਲ ਸਰਪੰਚ ਅਤੇ ਪੰਚ ਦੀ ਚੋਣ ਕਰਨ ਵਾਲੇ ਪਿੰਡ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਪਿੰਡ ਦੀ ਮੰਗ ਵੀ ਪੂਰੀ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਪੰਚਾਇਤੀ ਚੋਣਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਕਰਵਾਈਆਂ ਜਾ ਰਹੀਆਂ। ਸਰਪੰਚ ਬਣਨ ਤੋਂ ਬਾਅਦ ਤੁਸੀਂ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹੋ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੋਕ ਹੀ ਉਨ੍ਹਾਂ ਬਾਰੇ ਬੋਲਣਾ ਜਾਣਦੇ ਹਨ ਕਿਉਂਕਿ ਉਹ ਖੁਦ ਲੋਕਾਂ ਤੋਂ ਡਰਦੇ ਹਨ।