ਹੁਣ ਪਾਣੀ ਨੂੰ ਤਰਸੇਗਾ ਪਾਕਿਸਤਾਨ!ਸਿੰਧੂ ਜਲ ਸਮਝੌਤੇ ‘ਤੇ ਮੋਦੀ ਸਰਕਾਰ ਦੀ ਵੱਡੀ ਕਾਰਵਾਈ, ਗੁਆਂਢੀ ਦੇਸ਼ ਨੂੰ ਭੇਜਿਆ ਨੋਟਿਸ
18 ਸਤੰਬਰ 2024
ਭਾਰਤ ਸਰਕਾਰ ਨੇ ਸਿੰਧੂ ਜਲ ਸੰਧੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਭਾਰਤ ਸਰਕਾਰ ਨੇ ਇਸ ਸਬੰਧੀ ਪਾਕਿਸਤਾਨ ਨੂੰ ਨੋਟਿਸ ਵੀ ਭੇਜਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸਿੰਧੂ ਜਲ ਸੰਧੀ ਨੂੰ ਬਰਕਰਾਰ ਰੱਖਣਾ ਸੰਭਵ ਨਹੀਂ ਹੈ। ਭਾਰਤ ਨੇ ਇਸ ਸਿੰਧੂ ਜਲ ਸੰਧੀ ਵਿੱਚ ਬਦਲਾਅ ਕਰਨ ਦੀ ਗੱਲ ਵੀ ਕੀਤੀ ਹੈ।
ਅੱਤਵਾਦ ਦੀ ਪਨਾਹਗਾਹ ਬਣੇ ਪਾਕਿਸਤਾਨ ਲਈ ਭਾਰਤ ਹੁਣ ਇੱਕ ਹੋਰ ਸਮੱਸਿਆ ਖੜ੍ਹੀ ਕਰਨ ਜਾ ਰਿਹਾ ਹੈ। ਕਰਜ਼ੇ ‘ਚ ਡੁੱਬਿਆ ਪਾਕਿਸਤਾਨ ਹੁਣ ਪਾਣੀ ਨੂੰ ਤਰਸੇਗਾ। ਭਾਰਤ ਪਾਕਿਸਤਾਨ ਜਾਣ ਵਾਲੇ ਰਾਵੀ ਨਦੀ ਦੇ ਪਾਣੀ ਨੂੰ ਪੂਰੀ ਤਰ੍ਹਾਂ ਰੋਕਣ ਦੀ ਤਿਆਰੀ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਹਪੁਰ ਕੰਢੀ ਡੈਮ ਦੇ ਮੁਕੰਮਲ ਹੋਣ ਤੋਂ ਬਾਅਦ ਪਾਕਿਸਤਾਨ ਜਾਣ ਵਾਲੇ ਰਾਵੀ ਨਦੀ ਦਾ ਪਾਣੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ‘ਤੇ ਸਥਿਤ ਸ਼ਾਹਪੁਰ ਕੰਢੀ ਬੈਰਾਜ ਰਾਹੀਂ ਰੋਕਿਆ ਗਿਆ 1150 ਕਿਊਸਿਕ ਪਾਣੀ ਹੁਣ ਕਸ਼ਮੀਰ ਦੇ ਕਠੂਆ ਅਤੇ ਸਾਂਬਾ ਜ਼ਿਲਿਆਂ ਲਈ ਵਰਤਿਆ ਜਾਵੇਗਾ। ਇਸ ਪਾਣੀ ਨਾਲ 32 ਹਜ਼ਾਰ ਹੈਕਟੇਅਰ ਜ਼ਮੀਨ ਦੀ ਸਿੰਜਾਈ ਹੋਵੇਗੀ।
ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ 1960 ਦੀ ਸਿੰਧੂ ਜਲ ਸੰਧੀ ਦੇ ਤਹਿਤ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦੇ ਪਾਣੀ ‘ਤੇ ਭਾਰਤ ਦਾ ਵਿਸ਼ੇਸ਼ ਅਧਿਕਾਰ ਹੈ, ਜਦਕਿ ਸਿੰਧ, ਜੇਹਲਮ ਅਤੇ ਚਨਾਬ ਨਦੀਆਂ ‘ਤੇ ਪਾਕਿਸਤਾਨ ਦਾ ਕੰਟਰੋਲ ਹੈ। ਸ਼ਾਹਪੁਰ ਕੰਢੀ ਬੈਰਾਜ ਦੇ ਮੁਕੰਮਲ ਹੋਣ ਨਾਲ ਭਾਰਤ ਰਾਵੀ ਦਰਿਆ ਦੇ ਪਾਣੀ ਦੀ ਬਿਹਤਰ ਵਰਤੋਂ ਕਰ ਸਕਦਾ ਹੈ। ਇਸ ਪਾਣੀ ਨੂੰ ਪੁਰਾਣੇ ਲਖਨਪੁਰ ਡੈਮ ਰਾਹੀਂ ਜੰਮੂ-ਕਸ਼ਮੀਰ ਅਤੇ ਪੰਜਾਬ ਵੱਲ ਮੋੜਿਆ ਜਾ ਸਕਦਾ ਹੈ ਅਤੇ ਇਸ ਦੀ ਬਿਹਤਰ ਵਰਤੋਂ ਕੀਤੀ ਜਾ ਸਕਦੀ ਹੈ।