ਸ੍ਰੀ ਹੇਮਕੁੰਟ ਸਾਹਿਬ ਜਾਂਦਿਆਂ ਰਾਹ ’ਚ ਵਾਪਰਿਆ ਹਾਦਸਾ, 2 ਨੌਜਵਾਨਾਂ ਦੀ ਦਰਦਨਾਕ ਮੌਤ; ਅੱਜ ਤੜਕੇ ਨਿਕਲੇ ਸੀ ਘਰੋਂ

15 ਸਤੰਬਰ 2024

ਅੱਜ ਐਤਵਾਰ ਸਵੇਰੇ ਤੜਕਸਾਰ ਪੰਜਾਬ ’ਚ ਉਸ ਵੇਲੇ ਵੱਡਾ ਦੁਖਾਂਤ ਵਾਪਰ ਗਿਆ ਜਦੋਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ ‘ਤੇ ਜਾ ਰਹੇ ਨੌਜਵਾਨਾਂ ਦੀ ਇਕ ਕਾਰ ਦਾ ਟਾਇਰ ਜਲੰਧਰ ਨੇੜੇ ਪੈਂਚਰ ਹੋ ਗਿਆ। ਜਦ ਨੌਜਵਾਨ ਟਾਇਰ ਬਦਲ ਰਹੇ ਸਨ ਤਾਂ ਪਿੱਛੋਂ ਆਈ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ।ਹਾਦਸੇ ‘ਚ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੀ ਹਸਪਤਾਲ ‘ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕਾਂ ‘ਚੋਂ ਇਕ ਨੌਜਵਾਨ ਫਤਿਹਗੜ੍ਹ ਚੂੜੀਆਂ ਦਾ ਵਸਨੀਕ ਹੈ ਜਦਕਿ ਦੂਜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਦੋਵਾਂ ਦੀ ਪਛਾਣ ਨਰਿੰਦਰ ਸਿੰਘ ਸ਼ੌਂਕੀ ਭਾਟੀਆ ਪੁੱਤਰ ਹਰਪਾਲ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤੇ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਦੋਵੇਂ ਨੌਜਵਾਨ ਆਪਸ ‘ਚ ਰਿਸ਼ਤੇਦਾਰ ਦੱਸੇ ਜਾਂਦੇ ਹਨ ਹਨ।ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ ਨੌਜਵਾਨ ਸ਼ਰਾਬੀ ਹਾਲਤ ’ਚ ਸਨ ਤੇ ਉਨ੍ਹਾਂ ਦੀ ਗੱਡੀ’ਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ।