ਅੰਮ੍ਰਿਤਸਰ ਪੁਲਿਸ ਵੱਲੋਂ ਸੋਨਾ ਲੁੱਟਣ ਵਾਲੇ 4 ਮੁਲਜ਼ਮਾ ਨੂੰ ਕੀਤਾ ਗ੍ਰਿਫ਼ਤਾਰ,1 ਕਿਲੋ 700 ਗ੍ਰਾਮ ਸੋਨਾ ਬਰਾਮਦ
ਅਮ੍ਰਿਤਸਰ ਨਿਊਜ਼,15 ਸਤੰਬਰ 2024
ਅੰਮ੍ਰਿਤਸਰ ਦੀ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਸੋਨੇ ਦੀ ਲੁੱਟ ਦੇ ਮਾਮਲੇ ‘ਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ ਇੱਕ ਕੋਰੀਅਰ ਸਰਵਿਸ ਦੇ ਮਾਲਕ ਤੋਂ 1 ਕਿਲੋ 700 ਗ੍ਰਾਮ ਸੋਨਾ ਲੁੱਟਿਆ ਸੀ। ਮੁਲਜ਼ਮਾਂ ਵਿੱਚ ਦੋ ਨੌਜਵਾਨ ਪਹਿਲਾਂ ਹੀ ਸੁਨਿਆਰੇ ਦਾ ਕੰਮ ਕਰਦੇ ਹਨ।
ਜਾਣਕਾਰੀ ਅਨੁਸਾਰ ਮੁਕੇਸ਼ ਸੈਣੀ ਵਾਸੀ ਰਾਜਸਥਾਨ ਹਾਲ ਮਕਾਨ ਨੰ: 450/11, ਨੇੜੇ ਕੇਸਰ ਦਾ ਢਾਬਾ, ਅੰਮ੍ਰਿਤਸਰ ਵੱਲੋਂ ਸੋਨੇ ਦੇ ਪਾਰਸਲ ਮੰਗਵਾ ਕੇ ਕੋਰੀਅਰ ਰਾਹੀਂ ਵਿਦੇਸ਼ ਭੇਜਣ ਦਾ ਮਾਮਲਾ ਦਰਜ ਕੀਤਾ ਗਿਆ ਸੀ। 13 ਸਤੰਬਰ 2024 ਨੂੰ ਸ਼ਾਮ 5:30 ਵਜੇ ਦੇ ਕਰੀਬ ਉਹ ਬਾਜ਼ਾਰ ਟਾਹਲੀ ਵਾਲਾ ਸਥਿਤ ਆਪਣੇ ਦਫ਼ਤਰ ਅਤੇ ਜਿਊਲਰਜ਼ ਦੀਆਂ ਦੁਕਾਨਾਂ ਤੋਂ ਸੋਨੇ ਦੇ ਵੱਖ-ਵੱਖ ਪਾਰਸਲ ਲੈ ਕੇ ਆਪਣੇ ਹੈਂਡ ਬੈਗ ਵਿੱਚ ਰੱਖ ਕੇ ਆਪਣੇ ਸਕੂਟਰ ‘ਤੇ ਦਫ਼ਤਰ ਲਈ ਰਵਾਨਾ ਹੋ ਗਿਆ। ਸ਼ਾਮ ਕਰੀਬ 7 ਵਜੇ ਮਾਮਾ ਕੋਲਾ ਗੁਰਦੁਆਰਾ ਸਾਹਿਬ ਦੇ ਗੇਟ ‘ਤੇ ਪਿੱਛੇ ਤੋਂ ਮੋਟਰਸਾਈਕਲ ‘ਤੇ ਸਵਾਰ ਦੋ ਲੜਕੇ ਆਏ ਅਤੇ ਉਸ ਦਾ ਬੈਗ, ਜਿਸ ਵਿਚ ਸੋਨਾ ਸੀ, ਖੋਹ ਲਿਆ |
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਦੇ ਨਿਰਦੇਸ਼ਾਂ ‘ਤੇ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏ.ਡੀ.ਸੀ.ਪੀ ਸਿਟੀ-1, ਅੰਮਿ੍ਤਸਰ ਵਿਸ਼ਾਲਜੀਤ ਸਿੰਘ, ਏ.ਸੀ.ਪੀ ਸਾਊਥ ਅੰਮਿ੍ਤਸਰ ਪਰਵੇਸ਼ ਚੋਪੜਾ ਦੀ ਅਗਵਾਈ ‘ਚ ਮੁੱਖ ਅਫ਼ਸਰ ਥਾਣਾ ਸੀ. -ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਨੀਰਜ ਕੁਮਾਰ ਨੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਸੋਨਾ ਲੁੱਟਣ ਦੇ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਮੁਲਜ਼ਮਾਂ ਕੋਲੋਂ 1 ਕਿਲੋ 710 ਗ੍ਰਾਮ ਸੋਨੇ ਦੇ ਗਹਿਣੇ, 1 ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।