ਵਪਾਰ ਘੁਟਾਲਾ ਮਾਮਲਾ: ਅਸਾਮ ਦੀ ਅਦਾਕਾਰ ਸੁਮੀ ਬੋਰਾਹ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ

12 ਸਤੰਬਰ 2024

2000 ਕਰੋੜ ਰੁਪਏ ਦੇ ਵਪਾਰ ਘੁਟਾਲੇ ਦੇ ਸੰਬੰਧ ਵਿਚ ਗ੍ਰਿਫ਼ਤਾਰੀ ਤੋਂ ਬਚਣ ਦੇ 10 ਦਿਨਾਂ ਬਾਅਦ, ਅਸਾਮ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਸੁਮੀ ਬੋਰਾਹ ਅਤੇ ਉਸ ਦੇ ਪਤੀ ਫੋਟੋਗ੍ਰਾਫਰ ਤਾਰਿਕ ਬੋਰਾਹ ਨੇ ਡਿਬਰੂਗੜ੍ਹ ਵਿਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।

ਅਸਾਮ ਪੁਲਿਸ ਦੇ ਡੀਜੀਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਕਿਹਾ, “ਹੁਣ ਉਨ੍ਹਾਂ ਦੀ ਖੇਡ ਖ਼ਤਮ ਹੋ ਗਈ ਹੈ। ਵਪਾਰ ਘੁਟਾਲੇ ਦੀ ਜਾਂਚ ਲਈ ਅਸਾਮ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਬਣਾਈ ਗਈ ਸੀ।ਸੁਮੀ ਬੋਰਾਹ ਅਤੇ ਉਸ ਦੇ ਪਤੀ ਤਾਰਿਕ ਬੋਰਾਹ ਨੇ ਡਿਬਰੂਗੜ੍ਹ ‘ਚ ਆਤਮ ਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿਛਲੇ ਹਫ਼ਤੇ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਦੋਵੇਂ ਫਰਾਰ ਸਨ। ਇਹ ਖੁਲਾਸਾ ਹੋਇਆ ਸੀ ਕਿ ਬੋਰਾਹ ਦੇ 2,200 ਕਰੋੜ ਰੁਪਏ ਦੀ ਧੋਖਾਧੜੀ ਦੇ ਸਰਗਨਾ ਬਿਸ਼ਾਲ ਫੁਕਨ ਨਾਲ ਚੰਗੇ ਸਬੰਧ ਸਨ।

ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਸੁਮੀ ਬੋਰਾਹ ਨੇ ਸੋਸ਼ਲ ਮੀਡੀਆ ‘ਤੇ ਇਕ ਵਾਇਰਲ ਵੀਡੀਓ ਪੋਸਟ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਭੱਜੀ ਨਹੀਂ ਸੀ, ਸਗੋਂ ਉਸ ਵਿਰੁੱਧ ਚਲਾਏ ਜਾ ਰਹੇ ਪ੍ਰਚਾਰ ਕਾਰਨ ਲੁਕੀ ਹੋਈ ਸੀ।ਉਨ੍ਹਾਂ ਦੋਸ਼ ਲਾਇਆ ਕਿ ਬਹੁਤ ਸਾਰੀਆਂ ਗਲਤ ਸੂਚਨਾਵਾਂ ਫੈਲਾਈਆਂ ਜਾ ਰਹੀਆਂ ਹਨ। ਇਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਵੀਡੀਓ ਵਿੱਚ ਬੋਰਾਹ ਨੇ ਇਹ ਵੀ ਕਿਹਾ ਸੀ ਕਿ ਉਹ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦੇਵੇਗਾ।