ਮਜੀਠੀਆ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਈਡੀ ਨੇ ਮੰਗੀ ਸਟੇਟਸ ਰਿਪੋਰਟ

12 ਸਤੰਬਰ 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਮਾਮਲੇ ਵਿੱਚ ਈਡੀ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਈਡੀ ਨੇ ਬਿਕਰਮ ਸਿੰਘ ਮਜੀਠੀਆ ਖਿਲਾਫ਼ ਜਾਂਚ ਕਰ ਰਹੀ ਸਪੈਸ਼ਲ ਜਾਂਚ ਟੀਮ ਤੋਂ ਕੇਸ ਦੀ ਸਟੇਟਸ ਰਿਪੋਰਟ, 284 ਖਾਤਿਆਂ ਅਤੇ ਮਜੀਠੀਆ ਤੋਂ ਕੀਤੀ ਗਈ ਪੁੱਛਗਿੱਛ ਦਾ ਵੇਰਵਾ ਮੰਗਿਆ ਹੈ।ਈਡੀ ਵੱਲੋਂ ਮੰਗੇ ਗਏ ਵੇਰਵੇ;

1. FIR ਵੇਰਵੇ।

2. ਜਾਂਚ ਦੀ ਸਥਿਤੀ।

3. ਗਵਾਹਾਂ ਦੇ ਬਿਆਨ।

4. 284 ਬੈਂਕ ਖਾਤਿਆਂ ਦਾ ਵੇਰਵਾ। ਕਰੋੜਾਂ ਦੀ ਬੇਹਿਸਾਬ ਨਕਦੀ ਜੋ ਵੱਖ ਵੱਖ ਖਾਤਿਆਂ ਵਿਚ ਜਮਾ ਹੋਈ।

5. ਉਸ ਦੀਆਂ ਪਰਿਵਾਰਕ ਫਰਮਾਂ ਅਤੇ ਮੈਂਬਰਾਂ ਦੇ ਆਰਓਸੀ ਰਿਕਾਰਡ ਅਤੇ ਆਈਟੀਆਰ ਦੀ ਕਾਪੀ, ਕਿਉਂਕਿ ਉਨ੍ਹਾਂ ਦੀ ਆਮਦਨ ਕੀਤੀ ਗਈ ਜਾਇਦਾਦ ਅਤੇ ਖਰਚਿਆਂ ਤੋਂ ਘੱਟ ਸੀ।

6. ਵਿੱਤੀ ਦਸਤਾਵੇਜ਼ : ਸਰਾਇਆ ਉਦਯੋਗ ਅਤੇ ਸੰਬੰਧਿਤ ਫਰਮਾਂ।

7. ਜ਼ਮੀਨੀ ਰਿਕਾਰਡ। ਵੱਖ-ਵੱਖ ਜ਼ਮੀਨੀ ਸੌਦਿਆਂ ਅਤੇ ਮੁੱਲਾਂ ਵਿੱਚ ਅਚਾਨਕ ਵਾਧਾ।

8. ਵਿੱਤੀ ਮਾਹਰ ਦੀ ਰਿਪੋਰਟ।

ਜ਼ਿਕਰਯੋਗ ਹੈ ਕਿ ਐੱਸਆਈਟੀ ਨੇ ਵਿਦੇਸ਼ੀ ਕੰਪਨੀਆਂ ਅਤੇ ਪਰਿਵਾਰਕ ਫਰਮਾਂ ਤੋਂ 436 ਕਰੋੜ ਤੋਂ ਵੱਧ ਦੀ ਮਨੀ ਲਾਂਡਰਿੰਗ ਅਤੇ ਵੱਡੀ ਨਕਦੀ ਜਮ੍ਹਾਂ ਅਤੇ ਪਰਿਵਾਰਕ ਫਰਮਾਂ ਦੇ ਸ਼ੱਕੀ ਤੌਰ ‘ਤੇ ਇੱਕੋ ਦਿਨ ਅਤੇ ਇੱਕੋ ਪਤੇ ‘ਤੇ ਸ਼ਾਮਲ ਹੋਣ ਦਾ ਪਰਦਾਫਾਸ਼ ਕੀਤਾ ਹੈ।ਦੱਸ ਦੇਈਏ ਕਿ ਬਿਕਰਮ ਮਜੀਠੀਆ ਖਿਲਾਫ਼ ਡਰੱਗ ਮਾਮਲੇ ਦੀ ਜਾਂਚ ਸਿੱਟ ਕਰ ਹੀ ਰਹੀ ਹੈ। ਹੁਣ ਖ਼ਬਰ ਹੈ ਕਿ ਇਸ ਮਾਮਲੇ ਵਿੱਚ ਈਡੀ ਦੀ ਵੀ ਐਂਟਰੀ ਹੋ ਗਈ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।

ਚੋਣਾਂ ਤੋਂ ਪਹਿਲਾਂ ਦਰਜ ਹੋਇਆ ਸੀ ਮਾਮਲਾ:ਇਹ ਮਾਮਲਾ 20 ਦਸੰਬਰ 2021 ਨੂੰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਕੀਤਾ ਗਿਆ ਸੀ। ਹਾਲਾਂਕਿ, ਮਜੀਠੀਆ ਨੇ ਇਸ ਕੇਸ ਵਿੱਚ ਕਾਨੂੰਨੀ ਲੜਾਈ ਲੜੀ ਸੀ ਅਤੇ ਅੰਮ੍ਰਿਤਸਰ ਤੋਂ 2022 ਦੀ ਵਿਧਾਨ ਸਭਾ ਚੋਣ ਲੜੀ ਸੀ। ਇਸ ਤੋਂ ਬਾਅਦ ਉਹ ਜੇਲ੍ਹ ਚਲਾ ਗਿਆ। ਉਸ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ।