ਖੰਨਾ’ਚ ਆਪ ਆਗੂ ਦਾ ਸ਼ਰੇਆਮ ਗੋਲੀ ਮਾਰ ਕੇ ਕਤਲ ,ਸੜਕ ਕਿਨਾਰੇ ਮਿਲੀ ਖੂਨ ਨਾਲ ਲੱਥਪੱਥ ਲਾਸ਼
ਖੰਨਾ-10 ਸਤੰਬਰ 2024
ਆਮ ਆਦਮੀ ਪਾਰਟੀ (ਆਪ) ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਡੀਸੀ ਦੀ ਖੰਨਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਜਦੋਂ ਡੀਸੀ ਆਪਣੇ ਖੇਤਾਂ ਤੋਂ ਘਰ ਪਰਤ ਰਿਹਾ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਤਰਲੋਚਨ ਪਿੰਡ ਦੀ ਸੜਕ ਕਿਨਾਰੇ ਲਹੂ-ਲੁਹਾਨ ਹਾਲਤ ਵਿੱਚ ਡਿੱਗ ਪਿਆ। ਇਸ ਤੋਂ ਬਾਅਦ ਉਸ ਦੇ ਪੁੱਤ ਨੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਡੀਸੀ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਤਰਲੋਚਨ ਸਿੰਘ ਨੇ ਪਿਛਲੀ ਵਾਰ ਪਿੰਡ ਵਿੱਚ ਸਰਪੰਚ ਦੀ ਚੋਣ ਲੜੀ ਸੀ, ਪਰ ਹਾਰ ਗਏ ਸਨ। ਕੁਝ ਸਮਾਂ ਪਹਿਲਾਂ ਉਹ ‘ਆਪ’ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਕਿਸਾਨ ਵਿੰਗ ਦਾ ਪ੍ਰਧਾਨ ਬਣਾ ਦਿੱਤਾ। ਹੁਣ ਤਰਲੋਚਨ ਸਿੰਘ ਮੁੜ ਪਿੰਡ ਵਿੱਚ ਸਰਪੰਚ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ।ਇਸ ਦੌਰਾਨ ਸੋਮਵਾਰ ਸ਼ਾਮ ਉਸ ਦਾ ਕਤਲ ਕਰ ਦਿੱਤਾ ਗਿਆ। ਤਰਲੋਚਨ ਦੇ ਪੁੱਤਰ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਉਸ ਦਾ ਪਿਤਾ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ‘ਚ ਪਿਆ ਮਿਲਿਆ। ਕਿਸੇ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਸ ਨੇ ਦੱਸਿਆ ਕਿ ਕਿਸੇ ਰੰਜਿਸ਼ ਕਾਰਨ ਉਸ ਦੇ ਪਿਤਾ ਦਾ ਕਤਲ ਕੀਤਾ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਐਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ ਆਪਣੀ ਟੀਮ ਸਮੇਤ ਸਿਵਲ ਹਸਪਤਾਲ ਖੰਨਾ ਪੁੱਜੇ। ਇਸ ਤੋਂ ਬਾਅਦ ਉਹ ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਸੀਆਈਏ ਸਟਾਫ਼ ਇੰਚਾਰਜ ਅਮਨਦੀਪ ਸਿੰਘ ਨੂੰ ਨਾਲ ਲੈ ਕੇ ਪਿੰਡ ਇਕਲਾਹੇ ਵਿੱਚ ਮੌਕੇ ’ਤੇ ਪੁੱਜੇ। ਐਸਪੀ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।