ਅਕਾਲੀ ਦਲ ਬਾਦਲ ਤੋਂ ਬਾਅਦ ਹੁਣ ਪਰਮਿੰਦਰ ਸਿੰਘ ਢੀਂਡਸਾ ਤੇ ਬੀਬੀ ਜਗੀਰ ਕੌਰ ਅੱਜ ਸ੍ਰੀ ਅਕਾਲ ਤਖ਼ਤ ਹੋ ਸਕਦੇ ਹਨ ਪੇਸ਼ 

9 ਸਤੰਬਰ 2024

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੋਂ ਬਾਅਦ ਹੁਣ ਅਕਾਲੀ ਦਲ ਦੇ ਬਾਗੀ ਧੜੇ ਦੀ ਵਾਰੀ ਆ ਗਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਦੀ।ਬੀਬੀ ਜਗੀਰ ਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵੱਲੋਂ 9 ਸਤੰਬਰ ਨੂੰ ਅਕਾਲ ਤਖਤ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਸੌਂਪੇ ਜਾਣ ਦੀ ਸੰਭਾਵਨਾ ਹੈ।

ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਦੋਵੇਂ ਉਨ੍ਹਾਂ ਸਾਬਕਾ ਅਕਾਲੀ ਮੰਤਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਕਾਲ ਤਖਤ ਵੱਲੋ 15 ਦਿਨਾਂ ਵਿੱਚ ਆਪਣਾ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਆਪੋ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਸਬੰਧੀ ਪੱਤਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਭੇਜੇ ਗਏ ਹਨ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਆਪਣੀ ਪਾਰਟੀ ਦੇ ਸਾਰੇ ਰੁਤਬੇ ਛੱਡ ਕੇ ਸ੍ਰੀ ਅਕਾਲ ਤਖਤ ਵਿਖੇ ਪੇਸ਼ ਹੋਣ। ਬੀਬੀ ਜਗੀਰ ਕੌਰ ਇਸ ਵੇਲੇ ਪਾਰਟੀ ਦੇ ਸਲਾਹਕਾਰ ਅਤੇ ਕਾਰਜਕਾਰੀ ਮੈਂਬਰ ਹਨ ਜਦਕਿ : ਪਰਮਿੰਦਰ ਸਿੰਘ ਢੀਂਡਸਾ ਪ੍ਰੀਜ਼ੀਡੀਅਮ ਮੈਂਬਰ ਹਨ। ਉਨ੍ਹਾਂ ਕਿਹਾ ਕਿ ਉਹ ਅਕਾਲ ਤਖਤ ਵਿਖੇ ਇੱਕ ਸਧਾਰਨ : ਸਿੱਖ ਵਜੋਂ ਪੇਸ਼ ਹੋਣਗੇ।