ਦਿੱਲੀ ਦੇ ਮੁਖਰਜੀ ਨਗਰ ‘ਚ ਨਗਰ ਨਿਗਮ ਦੀ ਵੱਡੀ ਕਾਰਵਾਈ, ਕਾਰਵਾਈ ਦੌਰਾਨ ਮਚੀ ਹਫੜਾ-ਦਫੜੀ,ਸੱਤ ਸਟੱਡੀ ਸੈਂਟਰ ਸੀਲ

ਦਿੱਲੀ,25 ਅਗਸਤ 2024

ਦਿੱਲੀ ਨਗਰ ਨਿਗਮ ਨੇ ਇੱਕ ਮਹੀਨੇ ਦੇ ਅੰਦਰ ਤੀਜੀ ਵਾਰ ਮੁਖਰਜੀ ਨਗਰ ਵਿੱਚ ਚੱਲ ਰਹੇ ਕੋਚਿੰਗ ਅਤੇ ਸੈਲਫ ਸਟੱਡੀ ਸੈਂਟਰ ਖ਼ਿਲਾਫ਼ ਕਾਰਵਾਈ ਕੀਤੀ। ਨਿਗਮ ਦੀ ਸਿਵਲ ਲਾਈਨ ਜ਼ੋਨ ਟੀਮ ਨੇ ਮੁਖਰਜੀ ਨਗਰ ਦੇ ਬੱਤਰਾ ਸਿਨੇਮਾ ਅਤੇ ਬੰਦਾ ਬਹਾਦਰ ਮਾਰਗ ‘ਤੇ ਚੱਲ ਰਹੇ ਸੱਤ ਸੈਲਫ ਸਟੱਡੀ ਸੈਂਟਰਾਂ (ਲਾਇਬ੍ਰੇਰੀਆਂ) ਨੂੰ ਸੀਲ ਕਰ ਦਿੱਤਾ ਹੈ।

ਜਦੋਂ ਨਿਗਮ ਦੀ ਟੀਮ ਸੀਲ ਕਰਨ ਲਈ ਪਹੁੰਚੀ ਤਾਂ ਇਨ੍ਹਾਂ ਸਟੱਡੀ ਸੈਂਟਰਾਂ ਵਿੱਚ ਵਿਦਿਆਰਥੀ ਪੜ੍ਹ ਰਹੇ ਸਨ। ਨਿਗਮ ਦੀ ਕਾਰਵਾਈ ਦੌਰਾਨ ਕਾਫੀ ਦੇਰ ਤੱਕ ਹਫੜਾ-ਦਫੜੀ ਦੀ ਸਥਿਤੀ ਬਣੀ ਰਹੀ। ਦਿੱਲੀ ਨਗਰ ਨਿਗਮ ਨੇ ਇੱਕ ਵਾਰ ਫਿਰ ਬਿਨਾਂ ਅੱਗ ਐਨਓਸੀ ਚੱਲ ਰਹੇ ਸੈਲਫ ਸਟੱਡੀ ਸੈਂਟਰ ਖ਼ਿਲਾਫ਼ ਕਾਰਵਾਈ ਕੀਤੀ ਹੈ।

ਦੱਸਿਆ ਜਾਂਦਾ ਹੈ ਕਿ ਇਨ੍ਹਾਂ ਸਟੱਡੀ ਸੈਂਟਰ ਸੰਚਾਲਕਾਂ ਨੂੰ ਪਿਛਲੇ ਮਹੀਨੇ ਨੋਟਿਸ ਦੇ ਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਸੀ। ਹੁਣ ਇਨ੍ਹਾਂ ‘ਤੇ ਕਾਰਵਾਈ ਕੀਤੀ ਗਈ ਹੈ। ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਖਰਜੀ ਨਗਰ ਦੇ ਬੱਤਰਾ ਸਿਨੇਮਾ ਰੋਡ ਤੋਂ ਇਲਾਵਾ ਬੰਦਾ ਬਹਾਦਰ ਮਾਰਗ ਅਤੇ ਦੁਰਗਾ ਹਸਪਤਾਲ ਨੇੜੇ ਚੱਲ ਰਹੇ ਸੱਤ ਸਟੱਡੀ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।