ਸਾਉਣ ਦਾ ਮਹੀਨਾ……….ਦਿਨ ਤੀਆ ਦੇ, ਪੰਜਾਬੀ ਸੱਭਿਆਚਾਰ ਨੂੰ ਸਮਰਪਿਤ
11 ਅਗਸਤ 2024
ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਖ਼ਾਸ ਵਿਸ਼ੇਸ਼ਤਾ ਹੈ। ਸਾਉਣ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਜਿੱਥੇ ਜੇਠ ਹਾੜ੍ਹ ਦੀਆਂ ਧੁੱਪਾਂ ਤੋਂ ਰਾਹਤ ਪਾਉਂਦੀਆਂ ਕਾਲੀਆਂ ਘਟਾਵਾਂ, ਕਣੀਆਂ ਦੀ ਕਿਣਮਿਣ, ਧਰਤੀ ਉੱਤੇ ਹਰਿਆਵਲ ਤੇ ਰੌਣਕ ਜਿਹੀ ਦਿੱਸਦੀ ਹੈ, ਉੱਥੇ ਹੀ ਮਨ ਵਿੱਚ ਵੱਖਰਾ ਹੀ ਸਰੂਰ ਤੇ ਆਨੰਦ ਜਿਹਾ ਆਉਂਦਾ ਹੈ। ਘਰ ਦੀਆਂ ਰੌਣਕਾਂ, ਧੀਆਂ ਅਤੇ ਨੂੰਹਾਂ ਦੇ ਮਨਾਂ ਵਿੱਚ ਚਾਅ ਤੇ ਉਮੰਗ ਉਮੜਦੇ ਹਨ, ਪੇਕਿਆਂ ਵੱਲੋਂ ਵਿਆਹੀਆਂ ਧੀਆਂ ਨੂੰ ਸੰਧਾਰੇ ਵਿੱਚ ਬਿਸਕੁਟ , ਮਠਿਆਈਆਂ ਅਤੇ ਕੱਪੜੇ ਆਦਿ ਦੇਣ ਦਾ ਸ਼ਗਨ, ਕੁਆਰੀਆਂ ਕੁੜੀਆਂ ਵੱਲੋਂ ਹੱਥਾਂ ’ਤੇ ਮਹਿੰਦੀ ਰਚਾ ਕੇ ਤੇ ਰੰਗ ਬਿਰੰਗੀਆਂ ਵੰਗਾਂ ਚੜ੍ਹਾਉਣ ਦਾ ਚਾਅ, ਵਿਆਹੀਆਂ ਵੱਲੋਂ ਪੇਕੇ ਘਰ ਜਾ ਕੇ ਆਪਣੀਆਂ ਸਖੀਆਂ ਨੂੰ ਮਿਲਣ ਦੀ ਤਾਂਘ ਚਾਰੇ ਪਾਸੇ ਖੁਸ਼ੀਆਂ ਦਾ ਵਾਤਾਵਰਨ ਪੈਦਾ ਕਰ ਦਿੰਦੀ ਹੈ। ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾ ਕੁੜੀਆਂ ਦਾ ਤਿਓਹਾਰ ਹੈ
ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ।
ਮੱਸਿਆ ਵਾਲੀ ਤਿਥ ਤੋਂ ਬਾਅਦ ਜਦੋਂ ਚੰਦਰਮਾ ਆਪਣੇ ਪੂਰੇ ਆਕਾਰ ਵਿੱਚ ਗੋਲ ਹੁੰਦਾ ਹੈ, ਉਸ ਦਿਨ ਨੂੰ ਤੀਜ ਮੰਨਿਆਂ ਜਾਂਦਾ ਹੈ। ਇਸ ਦਿਨ ਤੋਂ ਹੀ ਇਹ ਤਿਉਹਾਰਾਂ ‘ਤੀਆਂ ਤੀਜ ਦੀਆਂ’ ਕਰਕੇ ਪ੍ਰਸਿੱਧ ਹੈ। ਤੀਆਂ ਪਿੰਡਾਂ ਦੇ ਸੰਘਣੇ ਪਿਪਲ ਜਾਂ ਬੋਹੜ ਦੀ ਛਾਵੇਂ ਹੀ ਲਗਦੀਆਂ ਹਨ। ਸਜ ਵਿਆਹੀਆਂ ਮੁਟਿਆਰਾਂ ਸਹੁਰੇ ਘਰ ਰਹਿੰਦੀਆਂ, ਇਸ ਤਿਉਹਾਰ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਹਨ। ਪੇਕੇ ਘਰ ਜਾਣ ਦੀ ਤਾਂਘ ਮਨ ਵਿੱਚ ਇਕ ਉਮੰਡਰਾ ਪੈਦਾ ਕਰਦੀ ਹੈ। ਪੇਕੇ ਘਰ ਜਾਣ ਦਾ ਇਕ ਵੱਖਰਾ ਚਾਅ ਉਨ੍ਹਾਂ ਦੇ ਅੰਦਰ ਹੁੰਦਾ ਹੈ।ਪੇਕੇ ਘਰ ਇਕੱਠੀਆਂ ਹੋਈਆਂ ਮੁਟਿਆਰਾਂ ਸੱਜ-ਸਵਾਂਰ ਕੇ ਟੋਲੀਆਂ ਬੰਨ੍ਹ ਇਕ ਦੂਜੇ ਨੂੰ ਮਖੌਲ ਕਰਦੀਆਂ, ਹੱਸਦੀਆਂ, ਖੇਡਦੀਆਂ, ਟੱਪਦੀਆਂ ਹੋਈਆਂ ਕਿਸੇ ਬੋਹੜ ਜਾਂ ਪਿੱਪਲ ਦੀ ਛਾਵੇਂ ਰੋਣਕਾਂ ਲਾਉਂਦੀਆਂ ਹੋਈਆਂ ਗਾਉਂਦੀਆਂ ਹਨ..
ਆਉਂਦੀ ਕੁੜੀਏ ਜਾਂਦੀ ਕੁੜੀਏ, ਤੁਰਦੀ ਪਿਛਾਂਹ ਨੂੰ ਜਾਵੇਂ,
ਹੌਲੀ-ਹੌਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।
ਤੀਆਂ ਤੀਜ ਦੀਆਂ, ਵਰੇ ਦਿਨਾਂ ਨੂੰ ਫੇਰ ,ਤੀਆਂ ਤੀਜ ਦੀਆਂ
ਗਿੱਧਾ ਪੂਰੇ ਜੋਬਨ ’ਤੇ ਹੁੰਦਾ, ਬੋਲੀਆਂ ਪਾਉਂਦੇ ਸਮੇਂ ਹਰ ਮੁਟਿਆਰ ਦੇ ਪੈਰ ਨੱਚਣ ਲਈ ਥਿੜਕਦੇ।
ਸਾਉਂਣ ਦੇ ਛਰਾਟੇ ਉਨ੍ਹਾਂ ਦੇ ਮਨਾਂ ਵਿੱਚ ਹੋਰ ਜੋਸ਼ ਭਰਦੇ। ਇਸ ਖਿੜੇ ਮਾਹੋਲ ਵਿੱਚ ਦਰਾਣੀਆਂ, ਜਠਾਣੀਆਂ, ਨਨਦਾਂ ਤੇ ਭਰਜਾਈਆਂ ਸਭ ਰਲ ਮਿਲ ਕੇ ਗਿੱਧੇ ਦਾ ਖੂਬ ਆਨੰਦ ਲੈਦੀਆਂ ਤੇ ਗਾਉਂਦੀਆਂ..
ਆਉਦੀ ਕੁੜੀਏ ਜਾਂਦੀ ਕੁੜੀਏ, ਪਿਪਲੀ ਪੀਘਾਂ ਪਾਈਆਂ।
ਗਿੱਧੇ ‘ਚ ਧਮਾਲ ਮਚ ਗਈ, ਜਦੋਂ ਨੱਚੀਆਂ ਨਣਦਾਂ ਭਰਜਾਈਆਂ।
ਮੁਟਿਆਰਾਂ ਪਿਪਲੀ ਪੀਘਾਂ ਪਾਉਂਦੀਆਂ, ਸਾਉਣ ਮਹੀਨੇ ਦੇ ਗੀਤ ਗਾਉਦੀਆਂ, ਪੂਰੇ ਜੋਸ਼ ਨਾਲ ਪੀਘਾਂ ਨੂੰ ਝੂਟਦੀਆਂ, ਰਲ ਮਿਲ ਕਿੱਕਲੀਆਂ ਪਾਉਦੀਆਂ ,ਰੰਗ ਬਰੰਗੀਆਂ ਪੁਸ਼ਾਕਾਂ ਨਾਲ ਸਜੀਆਂ ਮੁਟਿਆਰਾਂ ਹੋਰ ਬੋਲੀਆਂ ਪਾਉਂਦੀਆਂ ਹਨ।
ਨੱਚਦੀਆਂ ਟੱਪਦੀਆਂ ਇਕੋ ਜਿਹੀਆਂ ਮੁਟਿਆਰਾਂ ਨੂੰ ਪਤਾ ਨਾ ਲੱਗਦਾ ਕਦੋਂ ਆਥਣ ਹੋ ਜਾਂਦਾ । ਥੱਕ ਹਾਰ ਕੇ ਆਥਣ ਵੇਲੇ ਆਪੋ ਆਪਣੇ ਘਰੋਂ-ਘਰੀਂ ਮੁੜਦੀਆਂ। ਸਾਉਣ ਮਹੀਨੇ ਦਾ ਖਾਸ ਉਪਹਾਰ ਖੀਰ ਪੂੜੇ ਉਨ੍ਹਾਂ ਨੂੰ ਮਾਵਾਂ ਕੋਲੋ ਖਾਣ ਨੂੰ ਮਿਲਦਾ। ਗੁੜ ਦੇ ਬਣੇ ਪੂੜੇ-ਗੁਲਗੁਲਿਆਂ ਨਾਲ ਸਾਰਾ ਵਾਤਾਵਰਣ ਮਹਿਕਾ ਜਾਂਦਾ। ਚੌਗਿਰਦਾ ਮਿਠਾਸ ਨਾਲ ਭਰ ਜਾਂਦਾ। ਹਰ ਕੋਈ ਖਿਲ ਉੱਠਦਾ ਤੇ ਖੀਰ ਪੂੜੇ ਖਾਣ ਲਈ ਉਤਸੁਕ ਹੁੰਦਾ। ਤੀਜ ਤੋਂ ਸ਼ੁਰੂ ਹੋ ਕੇ ਤੀਆਂ ਦਾ ਤਿਉਹਾਰ ਤੇਰਾਂ ਦਿਨ ਤਕ ਮਨਾਇਆ ਜਾਂਦਾ ਹੈ। ਜੇ ਕਿਤੇ ਕੁਦਰਤੀ ਇੰਨੀ ਦਿਨੀਂ ਮੀਂਹ ਨਾ ਪਵੇ ਤਾਂ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਗੁੱਡੀ ਫੂਕਣ ਦੀ ਪ੍ਰਥਾ ਵੀ ਕਈ ਥਾਂਈ ਪ੍ਰਚਲਤ ਹੈ।
ਇਸ ਤਰਾਂ ਹੱਸਦਿਆਂ, ਖੇਡਦਿਆਂ, ਨੱਚਦਿਆਂ, ਟੱਪਦਿਆਂ ਤੀਆਂ ਦਾ ਤਿਉਹਾਰ ਸਪੰਨ ਹੁੰਦਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਉਂਦਾ ਪਰੰਤੂ ਅਜੋਕੇ ਸਮੇਂ ਵਿੱਚ ਤੀਆਂ ਦਾ ਤਿਉਹਾਰ ਅਲੋਪ ਹੁੰਦਾ ਜਾ ਰਿਹਾ ਹੈ ਇਸ ਨੂੰ ਮਨਾਉਣ ਦੇ ਢੰਗ ਤਰੀਕੇ ਬਦਲ ਗਏ ਹਨ। ਪੁਰਾਤਨ ਪ੍ਰੰਪਰਾ ਅਲੋਪ ਹੁੰਦੀ ਜਾ ਰਹੀ ਹੈ । ਬੋਹੜਾਂ, ਪਿਪਲਾਂ ਦੀ ਛਾਂਵੇ ਲਗਣ ਵਾਲੀਆਂ ਤੀਆਂ ਦੀ ਥਾਂ ਹੁਣ ਸਕੂਲਾਂ, ਕਾਲਜਾਂ ਦੇ ਵਿਹੜਿਆਂ ਨੇ ਲੈ ਲਈ ਹੈ। ਹੁਣ ਤਾਂ ਬੋਹੜ, ਪਿਪਲ ਵੀ ਨਜ਼ਰ ਨਹੀ ਆਉਂਦੇ ਸ਼ਾਇਦ ਵਿਕਾਸ ਦੀ ਹਨੇਰੀ ਦੀ ਬਲੀ ਚੜ੍ਹ ਗਏ ਤੇ ਨਾ ਹੀ ਆਪਸੀ ਭਾਈਚਾਰਕ-ਸਾਂਝ ਰਹੀ। ਹੁਣ ਇਹ ਤਿਉਹਾਰ ਭਾਂਵੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮਨਾ ਲਿਆ ਜਾਂਦਾ ਹੈ ਪਰ ਫਿਰ ਵੀ ਸਾਡੇ ਚੇਤਿਆਂ ਵਿੱਚ ‘ਤੀਆਂ ਤੀਜ ਦੀਆਂ ਵਸਿਆ ਹੋਇਆ ਹੈ ।