ਬੰਗਲਾਦੇਸ਼ ਦੇ ਚੀਫ਼ ਜਸਟਿਸ ‘ਅਸਤੀਫ਼ਾ’ ਦੇਣ, ਸੈਂਕੜੇ ਪ੍ਰਦਰਸ਼ਨਕਾਰੀ ਸੁਪਰੀਮ ਕੋਰਟ ਦੇ ਬਾਹਰ ਹੋਏ ਇਕੱਠੇ…..

ਬੰਗਲਾਦੇਸ਼,10 ਅਗਸਤ 2024

ਬੰਗਲਾਦੇਸ਼ ‘ਚ ਸ਼ੇਖ ਹਸੀਨਾ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਮੇਤ ਸਾਰੇ ਜੱਜ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇੱਥੇ ਹਿੰਸਕ ਪ੍ਰਦਰਸ਼ਨਾਂ ਕਾਰਨ ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਹੁਣ ਵਿਦਿਆਰਥੀਆਂ ਨੇ ਸੁਪਰੀਮ ਕੋਰਟ ‘ਤੇ ਨਿਸ਼ਾਨਾ ਸਾਧਦੇ ਹੋਏ ਚੀਫ ਜਸਟਿਸ ਓਬੈਦੁਲ ਹਸਨ ਸਮੇਤ ਸਾਰੇ ਜੱਜਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ।ਸੈਂਕੜੇ ਵਿਦਿਆਰਥੀਆਂ ਨੇ ਬੰਗਲਾਦੇਸ਼ ਸੁਪਰੀਮ ਕੋਰਟ ਦਾ ਘਿਰਾਓ ਕੀਤਾ ਅਤੇ ਚੀਫ਼ ਜਸਟਿਸ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ। ਸਥਿਤੀ ਤੇਜ਼ੀ ਨਾਲ ਵਿਗੜਦੀ ਗਈ ਅਤੇ ਰਿਪੋਰਟਾਂ ਆ ਰਹੀਆਂ ਹਨ ਕਿ ਚੀਫ਼ ਜਸਟਿਸ ਨੇ ਅਹਾਤੇ ਛੱਡ ਦਿੱਤਾ ਹੈ।ਮਾਹੌਲ ਤਣਾਅਪੂਰਨ ਹੁੰਦਾ ਦੇਖ ਫੁੱਲ ਕੋਰਟ ਮੀਟਿੰਗ ਰੱਦ ਕਰ ਦਿੱਤੀ ਗਈ। ਪਰ ਪ੍ਰਦਰਸ਼ਨਕਾਰੀ ਨਾ ਮੰਨੇ ਅਤੇ ਸੁਪਰੀਮ ਕੋਰਟ ਦਾ ਘਿਰਾਓ ਜਾਰੀ ਰੱਖਿਆ। ਵਿਦਿਆਰਥੀਆਂ ਨੇ ਚੀਫ਼ ਜਸਟਿਸ ਨੂੰ ਅਹੁਦਾ ਛੱਡਣ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਹੈ।ਦਰਅਸਲ, ਚੀਫ਼ ਜਸਟਿਸ ਨੇ ਨਵੀਂ ਅੰਤਰਿਮ ਸਰਕਾਰ ਨਾਲ ਸਲਾਹ ਕੀਤੇ ਬਿਨਾਂ ਹੀ ਬੁਲਾਈ ਸੀ ਫੁੱਲ-ਕੋਰਟ ਮੀਟਿੰਗ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਅਦਾਲਤ ਦੇ ਜੱਜ ਇਸ ਸਾਜ਼ਿਸ਼ ਦਾ ਹਿੱਸਾ ਹਨ।