ਬਠਿੰਡਾ ‘ਚ ਐਸਟੀਐਫ ਦਾ ਵੱਡਾ ਐਕਸ਼ਨ, ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ‘ਚ ਡਰੱਗ ਇੰਸਪੈਕਟਰ ਦੇ ਖਿਲਾਫ਼ ਮਾਮਲਾ ਦਰਜ
ਪੰਜਾਬ ਨਿਊਜ਼,8 ਅਗਸਤ 2024
STF ਮੁਹਾਲੀ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਤਾਇਨਾਤ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖ਼ਿਲਾਫ਼ ਨਸ਼ਿਆਂ ਦੇ ਕਾਰੋਬਾਰ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ।ਨਸ਼ਿਆਂ ਖਿਲਾਫ ਸਖਤ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੜਕੇ ਹੀ ਆਪਣੇ ਹੀ ਅਧਿਕਾਰੀ ਦੇ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ। ਭਾਰੀ ਪੁਲਿਸ ਬਲ ਅਤੇ ਐਸਟੀਐਫ ਦੀਆਂ ਟੀਮਾਂ ਨੇ ਬਠਿੰਡਾ ਅਤੇ ਮੌੜ ਮੰਡੀ ਵਿਖੇ ਡਰੱਗ ਇੰਸਪੈਕਟਰ ਦੇ ਘਰਾਂ ‘ਤੇ ਰੇਡ ਕੀਤੀ। ਇਹ ਰੇਡ ਤੜਕੇ 6 ਵਜੇ ਮੌੜ ਮੰਡੀ ਅਤੇ ਬਠਿੰਡਾ ਵਿਖੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਘਰ ਕੀਤੀ ਗਈ । ਇਸ ਦੀ ਅਗਵਾਈ ਦੋ ਵੱਖ ਵੱਖ ਡੀਐਸਪੀ ਤਜਿੰਦਰ ਪਾਲ ਸਿੰਘ ਅਤੇ ਬਠਿੰਡਾ ਵਿਖੇ ਡੀਐਸਪੀ ਪਰਮਜੀਤ ਸਿੰਘ ਡੋਰ ਵੱਲੋਂ ਕੀਤੀ ਗਈ।ਮਿਲੀ ਜਾਣਕਾਰੀ ਮੁਤਾਬਿਕ ਡਰੱਗ ਇੰਸਪੈਕਟਰ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਬੇਨਾਮੀ ਜਾਇਦਾਦ ਬਣਾਈ ਹੈ, ਇਸ ਸ਼ਿਕਾਇਤ ਦੇ ਅਧਾਰ ‘ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਸ਼ਿਸ਼ਾਨ ਮਿੱਤਲ ਦਾ ਨਾਮ ਨਸ਼ਾ ਤਸਕਰਾਂ ਨਾਲ ਜੁੜਿਆ ਹੈ ਉਦੋਂ ਤੋਂ ਹੀ ਉਹ ਛੁੱਟੀ ‘ਤੇ ਚੱਲ ਰਹੇ ਹਨ। ਹੁਣ ਪੁਲਿਸ ਵੱਲੋਂ ਉਹਨਾਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਵੀਰਵਾਰ ਨੂੰ ਮੁਹਾਲੀ ਐਸਟੀਐਫ ਦੀਆਂ ਟੀਮਾਂ ਨੇ ਬਠਿੰਡਾ, ਮੌੜ ਮੰਡੀ ਅਤੇ ਗਿੱਦੜਬਾਹਾ ਤੋਂ ਇਲਾਵਾ 13 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ।