ਜੀਵਨ ਬੀਮਾ ਤੇ ਸਿਹਤ ਬੀਮਾ ’ਤੇ ਜੀ.ਐਸ.ਟੀ. ਵਾਪਸ ਲੈਣ ਦੀ ਮੰਗ,ਵਿਰੋਧੀ ਧਿਰ ਵਲੋਂ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ, 6 ਅਗਸਤ 2024

ਲੋਕ ਸਭਾ ਵਿਚ ਵਿਰੋਧੀ ਧਿਰ ਵਲੋਂ ਮਕਰ ਦੁਆਰ ’ਤੇ ਸਿਹਤ ਬੀਮਾ ਅਤੇ ਜੀਵਨ ਬੀਮਾ ’ਤੇ ਜੀ.ਐਸ.ਟੀ. ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਮੈਡੀਕਲ ਅਤੇ ਜੀਵਨ ਬੀਮਾ ‘ਤੇ ਜੀਐਸਟੀ ਹਟਾਉਣ ਜਾਂ ਘਟਾਉਣ ਦੀਆਂ ਮੰਗਾਂ ਦੇ ਵਿਚਕਾਰ, ਸਰਕਾਰ ਨੇ ਸੋਮਵਾਰ ਨੂੰ ਸੰਸਦ ਨੂੰ ਦੱਸਿਆ ਕਿ ਪਿਛਲੇ ਤਿੰਨ ਵਿੱਤੀ ਸਾਲਾਂ ਦੇ ਦੌਰਾਨ ਇਸ ਖੇਤਰ ਵਿੱਚ ਲੱਗਣ ਵਾਲੇ ਟੈਕਸ ਨਾਲ ਸਰਕਾਰ ਨੂੰ 21,256 ਕਰੋੜ ਰੁਪਏ ਮਿਲੇ ਹਨ, ਜਿਸ ਵਿਚ 2023-2024 ਦੇ ਦੌਰਾਨ 8,263 ਕਰੋੜ ਰੁਪਏ ਸਰਕਾਰ ਦੇ ਖਾਤੇ ਵਿੱਚ ਆਏ ਹਨ ।

ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਵਿੱਤੀ ਸਾਲ 2022 ਤੋਂ ਵਿੱਤੀ ਸਾਲ 24 ਤੱਕ ਸਿਹਤ ਬੀਮਾ ਪ੍ਰੀਮੀਅਮਾਂ ਤੋਂ ਜੀਐਸਟੀ ਕੁਲੈਕਸ਼ਨ 21,000 ਕਰੋੜ ਰੁਪਏ ਤੋਂ ਵੱਧ ਸੀ, ਜਦੋਂ ਕਿ ਸਿਹਤ ਪੁਨਰ-ਬੀਮਾ ਪ੍ਰੀਮੀਅਮਾਂ ਤੋਂ ਲਗਭਗ 1,500 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਬੀਮਾ ਕੰਪਨੀਆਂ ਦੇ ਕਰਮਚਾਰੀਆਂ ਦੇ ਸੰਘ ‘ਜਨਰਲ ਇੰਸ਼ੋਰੈਂਸ ਇੰਪਲਾਈਜ਼ ਆਲ ਇੰਡੀਆ ਐਸੋਸੀਏਸ਼ਨ’ ਨੇ ਜੀਵਨ ਅਤੇ ਮੈਡੀਕਲ ਬੀਮੇ ਦੇ ਪ੍ਰੀਮੀਅਮਾਂ ‘ਤੇ 18 ਫੀਸਦੀ ਗੁਡਸ ਐਂਡ ਸਰਵਿਸ ਟੈਕਸ (ਜੀਐਸਟੀ) ਲਗਾਉਣ ਦਾ ਵਿਰੋਧ ਕੀਤਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।