ਅਮਰੀਕਾ ਦੇ ਓਰੇਗਨ ਅਤੇ ਵਾਸ਼ਿੰਗਟਨ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ,10 ਲੱਖ ਏਕੜ ਤੋਂ ਵੱਧ ਜੰਗਲ ਸੜ ਕੇ ਤਬਾਹ
27 ਜੁਲਾਈ 2024
ਅਮਰੀਕਾ ਦੇ ਓਰੇਗਨ ਅਤੇ ਵਾਸ਼ਿੰਗਟਨ ਦੇ ਜੰਗਲਾਂ ਵਿੱਚ ਹਨੇਰੀ ਅਤੇ ਬਿਜਲੀ ਡਿੱਗਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਕਾਰਨ 10 ਲੱਖ ਏਕੜ ਤੋਂ ਵੱਧ ਜੰਗਲ ਸੜ ਕੇ ਸੁਆਹ ਹੋ ਗਿਆ ਹੈ। ਅਧਿਕਾਰੀਆਂ ਮੁਤਾਬਕ ਅੱਗ ਲਗਾਤਾਰ ਆਬਾਦੀ ਵੱਲ ਵਧ ਕਾਰਨ ਜੰਗਲ ਦੇ ਕਿਨਾਰੇ ਸਥਿਤ ਕਈ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਅਮਰੀਕਾ ਦੇ ਓਰੇਗਨ ਦੇ ਜੰਗਲਾਂ ਵਿੱਚ ਬਿਜਲੀ ਡਿੱਗਣ ਕਾਰਨ ਅੱਗ ਲੱਗਣ ਦੌਰਾਨ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ ਨੇ ਝਾੜੀਆਂ ਅਤੇ ਜੰਗਲਾਂ ਵਿੱਚ ਅੱਗ ਫੈਲਾ ਦਿੱਤੀ। ਇਸ ਕਾਰਨ ਓਰੇਗਨ ਸਮੇਤ ਵਾਸ਼ਿੰਗਟਨ ਦੇ ਜੰਗਲੀ ਇਲਾਕੇ ਅੱਗ ਦੀ ਲਪੇਟ ਵਿੱਚ ਆ ਗਏ। ਇਸ ਵਿੱਚ ਹੁਣ ਤੱਕ ਸੈਂਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ ਅੱਗ ਨੇ ਓਰੇਗਨ ਦੇ 1,553 ਵਰਗ ਕਿਲੋਮੀਟਰ ਅਤੇ ਹੰਟਿੰਗਟਨ ਦੇ 160 ਵਰਗ ਕਿਲੋਮੀਟਰ ਖੇਤਰ ਨੂੰ ਸਾੜ ਦਿੱਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਰਫ 20 ਫੀਸਦੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।
ਲਗਾਤਾਰ ਵਧ ਰਹੀ ਅੱਗ ਕਾਰਨ ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ ਬੁਟੇ ਕਾਊਂਟੀ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇੱਥੋਂ ਚਾਰ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਭੇਜਿਆ ਗਿਆ। ਇਸ ਤੋਂ ਇਲਾਵਾ ਜੈਸਪਰ ਨੈਸ਼ਨਲ ਪਾਰਕ ਅਤੇ ਕੈਨੇਡਾ ਦੇ ਅਲਬਰਟਾ ਸ਼ਹਿਰ ਨੂੰ ਖਾਲੀ ਕਰਵਾਇਆ ਗਿਆ।
ਜੰਗਲ ਦੀ ਅੱਗ ਤੋਂ ਉੱਠਦਾ ਧੂੰਆਂ ਪੂਰਬੀ ਅਮਰੀਕਾ ਵੱਲ ਵਧ ਰਿਹਾ ਹੈ। ਇਸ ਕਾਰਨ ਮਿਨੀਆਪੋਲਿਸ ਅਤੇ ਡੇਟਰਾਇਟ ਵਿੱਚ ਅਸਮਾਨ ਵਿੱਚ ਧੁੰਦ ਛਾਈ ਹੋਈ ਹੈ। ਇਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਸ਼ੁੱਕਰਵਾਰ ਨੂੰ ਪੂਰਬੀ ਅਮਰੀਕਾ ਦੇ ਡੇਨਵਰ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਸੀ।