ਅੰਮ੍ਰਿਤਪਾਲ ਦੇ ਭਰਾ ਦੀ ਜਮਾਨਤ ਲਈ ਸੁਣਵਾਈ ਅੱਜ
ਪੰਜਾਬ ,20 ਜੁਲਾਈ 2024
ਅੱਜ ਅਦਾਲਤ ਖਾਲਿਸਤਾਨ ਸਮਰਥਕ ਅਤੇ ਸ੍ਰੀ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਹੈਪੀ ਅਤੇ ਉਸਦੇ ਸਾਥੀ ਦਾ ਜਲੰਧਰ ਸੈਸ਼ਨ ਕੋਰਟ ਤੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ।
ਪੁਲੀਸ ਨੇ ਅਦਾਲਤ ਨੂੰ ਦਸ ਦਿਨਾਂ ਦੇ ਰਿਮਾਂਡ ਦੀ ਬੇਨਤੀ ਕੀਤੀ ਸੀ ਪਰ ਅਦਾਲਤ ਪੁਲੀਸ ਦੀਆਂ ਦਲੀਲਾਂ ਤੋਂ ਖੁਸ਼ ਨਹੀਂ ਸੀ, ਜਿਸ ਕਾਰਨ ਸਿਰਫ਼ ਦੋ ਦਿਨ ਦਾ ਰਿਮਾਂਡ ਮਨਜ਼ੂਰ ਹੋਇਆ। ਅੱਜ ਅਦਾਲਤ ਹੈਪੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਇਸ ਸਬੰਧੀ ਫਿਲੌਰ ਪੁਲੀਸ ਨੇ ਜਲੰਧਰ ਸੈਸ਼ਨ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਹੈਪੀ ਨੂੰ ਫਿਲੌਰ ਪੁਲਸ ਨੇ ਉਸ ਦੇ ਸਾਥੀ ਲਵਪ੍ਰੀਤ ਸਮੇਤ 11 ਜੁਲਾਈ ਦੀ ਸ਼ਾਮ ਨੂੰ ਫਿਲੌਰ ਹਾਈਵੇਅ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲੀਸ ਨੇ ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਵਿੱਚ ਫੌਜਦਾਰੀ ਰਿਵੀਜ਼ਨ ਦੀ ਅਰਜ਼ੀ ਦਾਇਰ ਕੀਤੀ ਹੈ। ਜਿਸ ‘ਤੇ ਅੱਜ ਸੁਣਵਾਈ ਹੋਵੇਗੀ।