ਬੰਗਲਾਦੇਸ਼ ‘ਚ ਹਿੰਸਕ ਪ੍ਰਦਰਸ਼ਨਾਂ ਨੂੰ ਲੈ ਕੇ ਕਰਫਿਊ, 400 ਤੋ ਵੱਧ ਭਾਰਤੀਆ ਨੂੰ ਕੱਢਿਆ,ਹੁਣ ਤੱਕ 105 ਮੌਤਾਂ… ਫ਼ੌਜ ਤਾਇਨਾਤ।

ਬੰਗਲਾਦੇਸ਼,20 ਜੁਲਾਈ 2024

ਬੰਗਲਾਦੇਸ਼ ‘ਚ ਸਰਕਾਰੀ ਨੌਕਰੀਆਂ ‘ਚ ਰਿਜ਼ਰਵੇਸ਼ਨ ਦੇ ਖਿਲਾਫ ਚੱਲ ਰਿਹਾ ਵਿਦਿਆਰਥੀ ਪ੍ਰਦਰਸ਼ਨ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ। ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਖ਼ਿਲਾਫ਼ ਵਿਦਿਆਰਥੀਆਂ ਦਾ ਗੁੱਸਾ ਇਸ ਹੱਦ ਤੱਕ ਫੈਲ ਰਿਹਾ ਹੈ ਕਿ ਸਥਿਤੀ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਹੈ।ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਦੇਸ਼ ਵਿੱਚ 8,500 ਭਾਰਤੀ ਵਿਦਿਆਰਥੀਆਂ ਵਿੱਚੋਂ ਹੁਣ ਤੱਕ 405 ਨੂੰ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਭਾਰਤੀ ਦੂਤਾਵਾਸ ਨਾਲ ਲਗਾਤਾਰ ਸੰਪਰਕ ਵਿੱਚ ਹਨ। ਦੇਸ਼ ‘ਚ ਫੈਲ ਰਹੀ ਅਸ਼ਾਂਤੀ ਨੂੰ ਰੋਕਣ ‘ਚ ਪੁਲਸ ਨਾਕਾਮ ਰਹੀ ਹੈ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਕਾਰ ਨੇ ਕਰਫਿਊ ਲਗਾਉਣ ਅਤੇ ਫੌਜੀ ਬਲਾਂ ਦੀ ਤਾਇਨਾਤੀ ਦਾ ਐਲਾਨ ਕੀਤਾ। ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਜਾਨਲੇਵਾ ਝੜਪਾਂ ਚੱਲ ਰਹੀਆਂ ਹਨ, ਜਿਸ ਤੋਂ ਬਾਅਦ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜੀ ਬਲਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ।

ਬੰਗਲਾਦੇਸ਼ ‘ਚ ਇਸ ਹਫਤੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ ਕਰੀਬ 105 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਦਿਆਰਥੀਆਂ ਦਾ ਇਹ ਵਿਰੋਧ ਸ਼ੇਖ ਹਸੀਨਾ ਲਈ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਵੱਡੀ ਚੁਣੌਤੀ ਬਣ ਗਿਆ ਹੈ। ਸ਼ੇਖ ਹਸੀਨਾ ਦੇ ਪ੍ਰੈਸ ਸਕੱਤਰ ਨਈਮੁਲ ਇਸਲਾਮ ਖਾਨ ਨੇ ਏਐਫਪੀ ਨੂੰ ਦੱਸਿਆ, “ਸਰਕਾਰ ਨੇ ਅਧਿਕਾਰੀਆਂ ਦੀ ਸਹਾਇਤਾ ਲਈ ਕਰਫਿਊ ਲਗਾਉਣ ਅਤੇ ਫੌਜ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਕਰਫਿਊ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।