ਅਮ੍ਰਿਤਪਾਲ ਦੇ ਹੱਕ ’ਚ ਬਿਆਨਬਾਜ਼ੀ ਕਰਨ’ ਕਰਕੇ ਤੇਜਿੰਦਰ ਪਾਲ ਸਿੰਘ ਟਿੰਮਾ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਹੋਣ ਤੇ ਭਖੀ ਸਿਆਸਤ
11 ਜੁਲਾਈ 2024
ਰਾਜਸਥਾਨ ਪੁਲਿਸ ਵੱਲੋਂ ਉੱਘੇ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟਿੰਮਾ ਖ਼ਿਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੋਇਆ ਹੈ। ਤੇਜਿੰਦਰ ਟਿੰਮਾ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਵਡਿਆਈ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਹੈ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇਜਿੰਦਰ ਪਾਲ ਸਿੰਘ ਟਿੰਮਾ ਦੀ ਹਮਾਇਤ ਵਿੱਚ ਆਏ ਹਨ ਤੇ ਉਨ੍ਹਾਂ ਨੇ ਕਥਿਤ ਦੇਸ਼ ਧ੍ਰੋਹ ਦੀ ਐੱਫ਼ਆਈਆਰ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਤੇਜਿੰਦਰ ਪਾਲ ਸਿੰਘ ਟਿੰਮਾ ਗੰਗਾਨਗਰ ਦੇ ਗੁਰਦਵਾਰਾ ਬਾਬਾ ਦੀਪ ਸਿੰਘ ਦੇ ਪ੍ਰਧਾਨ ਹਨ।ਸ੍ਰੀ ਗੰਗਾਨਗਰ ਦੇ ਗੁਲਾਬ ਬਾਗ ਦੇ ਵਸਨੀਕ ਲਖਵਿੰਦਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਟਿੰਮਾ ਨੇ 5 ਜੁਲਾਈ ਦੀ ਦੁਪਹਿਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਆਪਣੇ ਦਫ਼ਤਰ ਵਿੱਚ ਬੈਠ ਕੇ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ।
ਟਿੰਮਾ ਖ਼ਿਲਾਫ਼ ਦਰਜ ਕੀਤੀ ਗਈ ਐੱਫਆਈਆਰ ਵਿੱਚ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੇ ਭੜਕਾਊ ਦੇਸ਼ ਵਿਰੋਧੀ ਬਿਆਨ ਦਿੱਤੇ ਅਤੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਦਾ ਸਮਰਥਨ ਕੀਤਾ ਇੰਨਾ ਹੀ ਨਹੀਂ, ਲੋਕਾਂ ਨੂੰ ਦੇਸ਼ ਅਤੇ ਸਰਕਾਰ ਵਿਰੁੱਧ ਭੜਕਾਇਆ।” ਟਿੰਮਾ ‘ਤੇ ਨਵੇਂ ਅਪਰਾਧਿਕ ਕਾਨੂੰਨ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀਆਂ ਧਾਰਾਵਾਂ 152 (ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੀਆਂ ਕਾਰਵਾਈਆਂ) ਅਤੇ 197 (1) (ਸੀ) (ਦੋਸ਼, ਰਾਸ਼ਟਰੀ ਏਕਤਾ ਲਈ ਨੁਕਸਾਨਦੇਹ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਐੱਫ਼ਆਈਆਰ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਜੇਕਰ ਟਿੰਮਾ ਖਾਲਿਸਤਾਨ ਦੀ ਮੰਗ ਕਰਨਾ ਜਾਰੀ ਰੱਖਦੇ ਹਨ, ਤਾਂ ਜਨਤਕ ਰੋਹ ਭੜਕ ਸਕਦਾ ਹੈ ਤੇ ਨਤੀਜੇ ਵੱਜੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਮੁਲਜ਼ਮ ਤੇਜਿੰਦਰਪਾਲ ਸਿੰਘ ਟਿੰਮਾ ਖ਼ਿਲਾਫ਼ ਇਹ ਇਲਜ਼ਾਮ ਵੀ ਹੈ ਕਿ ਉਨ੍ਹਾਂ ਦੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਵਿਅਕਤੀਆਂ ਨਾਲ ਸਬੰਧ ਹਨ ਅਤੇ ਉਹ ਉਨ੍ਹਾਂ ਨਾਲ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹੇ ਹਨ।
ਐੱਫ਼ਆਈਆਰ ਵਿੱਚ ਪਿਛਲੇ ਸਮੇਂ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਟਿੰਮਾ ਦੀ ਬਹਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਹੈ ਕਿ ਮੁਲਜ਼ਮ, ਤੇਜਿੰਦਰ ਪਾਲ ਸਿੰਘ ਟਿੰਮਾ ਨੇ ਵੀ ਸ਼੍ਰੀਗੰਗਾਨਗਰ ਦੇ ਕੁਲੈਕਟਰ ਦਫ਼ਤਰ ਵਿੱਚ ਕੁਲੈਕਟਰ ਦਾ ਅਪਮਾਨ ਕਰਨ ਲਈ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਸੀ। ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ, “ਟਿੰਮਾ ਨੇ ਪੁਲਿਸ ਸੁਪਰਡੈਂਟ ਦੇ ਦਫ਼ਤਰ ਦੇ ਸਾਹਮਣੇ ਖੜ੍ਹੇ ਹੋ ਕੇ ਧਮਕੀਆਂ ਦਿੱਤੀਆਂ ਅਤੇ ਬੇਇੱਜ਼ਤੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਸੀ ਅਤੇ ਦਾਅਵਾ ਕੀਤਾ ਸੀ ਕਿ ਜੋ ਵੀ ਦਖਲਅੰਦਾਜ਼ੀ ਕਰੇਗਾ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।”5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਵਾਲੇ ਦਿਨ ਟਿੰਮਾ ਨੇ ਫੇਸਬੁੱਕ ‘ਤੇ ਵੀਡੀਓ ਪਾਈ ਸੀ। ਇਸ ਵੀਡੀਓ ਵਿੱਚ ਟਿੰਮਾ ਨੇ ਕਿਹਾ, “ਭਾਜਪਾ ਆਗੂਆਂ ਨੇ ਸੰਸਦ ਭਵਨ ਵਿੱਚ ਸਹੁੰ ਚੁੱਕਣ ਸਮੇਂ ਇੱਕ ਸੰਸਦ ਮੈਂਬਰ ਵੱਲੋਂ ਹਿੰਦੂ ਰਾਸ਼ਟਰ ਦੇ ਨਾਅਰੇ ਦਾ ਸਵਾਗਤ ਕੀਤਾ।”
“ਖਾਲਸੇ ਦੇ ਡਰ ਕਾਰਨ ਹੀ ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ।” ਉਨ੍ਹਾਂ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਬਹਿਸ ਛਿੜ ਗਈ ਤੇ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਦਾ ਬਿਆਨ ਸਾਹਮਣੇ ਆਏ।ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟਿੰਮਾ ਖ਼ਿਲਾਫ਼ ਕੇਸ ਦਰਜ ਹੋਣ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਘੱਟ ਗਿਣਤੀਆਂ ਨੂੰ ਦਬਾਉਣ ਲਈ ਨਵੇਂ ਅਪਰਾਧਿਕ ਕਾਨੂੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਫੇਸਬੁੱਕ ‘ਤੇ ਲਿਖਿਆ, ”ਨਵੇਂ ਬਣੇ ਕਨੂੰਨਾਂ ਬਾਰੇ ਪਹਿਲਾਂ ਹੀ ਖਦਸ਼ਾ ਸੀ ਕਿ ਇਨ੍ਹਾਂ ਦੀ ਵਰਤੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਕੀਤੀ ਜਾ ਸਕਦੀ ਹੈ।” “ਇਹ ਖਦਸ਼ਾ ਸੱਚ ਸਾਬਤ ਹੋਇਆ ਜਦੋਂ ਗੰਗਾਨਗਰ ਦੀ ਪੁਲਿਸ ਨੇ ਇੱਕ ਪੰਥ ਵਿਰੋਧੀ ਵਲੋਂ ਦਿੱਤੀ ਦਰਖ਼ਾਸਤ ਦੇ ਅਧਾਰ ਤੇ ਤਜਿੰਦਰਪਾਲ ਸਿੰਘ ਟਿੰਮਾ ਦੇ ਖ਼ਿਲਾਫ਼ ਨਵੇਂ ਬਣੇ ਕਨੂੰਨ ਤਹਿਤ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ। ਲੱਗਦਾ ਹੈ ਕਿ ਪੂਰੇ ਭਾਰਤ ਵਿੱਚ ਨਵੇਂ ਕਾਨੂੰਨ ਤਹਿਤ ਪਹਿਲਾਂ ਮੁਕੱਦਮਾ ਸਿੱਖ ’ਤੇ ਹੀ ਦਰਜ ਕੀਤਾ ਗਿਆ ਹੈ।”