ਤ੍ਰਿਪੁਰਾ ਵਿੱਚ HIV ਕਾਰਨ 47 ਵਿਦਿਆਰਥੀਆਂ ਦੀ ਮੌਤ, 828 ਲੋਕ ਪੀੜਿਤ….
10 ਜੁਲਾਈ 2024
ਤ੍ਰਿਪੁਰਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਸੂਬੇ ਦੇ 828 ਵਿਦਿਆਰਥੀ HIV ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਐਚਆਈਵੀ ਤੋਂ ਪੀੜਤ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਿਟੀਆਂ ਜਾਂ ਵੱਡੇ ਕਾਲਜਾਂ ਵਿੱਚ ਦਾਖ਼ਲਾ ਲੈ ਕੇ ਪੜ੍ਹ ਰਹੇ ਹਨ
ਤ੍ਰਿਪੁਰਾ ਸਟੇਟ ਏਡਜ਼ ਕੰਟਰੋਲ ਸੁਸਾਇਟੀ -ਟੀਐਸਏਸੀਐਸ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ 828 ਵਿਦਿਆਰਥੀਆਂ ਵਿੱਚ ਐੱਚਆਈਵੀ ਦੀ ਲਾਗ ਦੀ ਪੁਸ਼ਟੀ ਹੋਈ ਹੈ।ਇਨ੍ਹਾਂ ਵਿੱਚੋਂ 47 ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਟੀਐਸਏਸੀਐਸ ਨੇ ਰਾਜ ਦੇ 220 ਸਕੂਲਾਂ, 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ ਜੋ ਨਸ਼ੇ ਦੀ ਲਤ ਲਈ ਟੀਕਿਆਂ ਦੀ ਵਰਤੋਂ ਕਰਦੇ ਹਨ।
ਐੱਚਆਈਵੀ ਦੇ ਮਾਮਲਿਆਂ ਵਿੱਚ ਵਾਧੇ ਲਈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਟੀਐਸਏਸੀਐਸ ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅਮੀਰ ਪਰਿਵਾਰਾਂ ਦੇ ਬੱਚੇ ਐਚਆਈਵੀ ਨਾਲ ਸੰਕਰਮਿਤ ਪਾਏ ਗਏ ਹਨ। ਅਜਿਹੇ ਪਰਿਵਾਰ ਵੀ ਹਨ ਜਿੱਥੇ ਮਾਤਾ-ਪਿਤਾ ਦੋਵੇਂ ਸਰਕਾਰੀ ਨੌਕਰੀ ‘ਤੇ ਹਨ।
ਟੀਐਸਏਸੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਈ 2024 ਤੱਕ ਅਸੀਂ ਏਆਰਟੀ-ਐਂਟੀਰੇਟ੍ਰੋਵਾਇਰਲ ਥੈਰੇਪੀ ਕੇਂਦਰਾਂ ਵਿੱਚ 8,729 ਲੋਕਾਂ ਨੂੰ ਰਜਿਸਟਰ ਕੀਤਾ ਹੈ। ਐੱਚਆਈਵੀ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 5,674 ਹੈ ਅਤੇ ਇਨ੍ਹਾਂ ਵਿੱਚੋਂ 4,570 ਪੁਰਸ਼, 1103 ਔਰਤਾਂ ਅਤੇ ਸਿਰਫ਼ ਇੱਕ ਮਰੀਜ਼ ਟਰਾਂਸਜੈਂਡਰ ਹੈ।