ਭਾਰਤ ਦਾ17 ਸਾਲਾਂ ਦਾ ਲੰਬਾ ਇੰਤਜ਼ਾਰ ਖਤਮ,ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਚੈਂਪੀਅਨ ਬਣਿਆ

T-20 ਵਿਸ਼ਵ ਕੱਪ ਫਾਈਨਲ, 30 ਜੂਨ 2024

ਭਾਰਤ ਨੇ ICC T20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਦੂਜੀ ਵਾਰ T20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 2007 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਰਿਹਾ, ਜਿਸ ਨੇ 76 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ ਹੈ। ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ ਅਤੇ ਭਾਰਤ ਨੇ ਆਖਰੀ ਗੇਂਦ ‘ਤੇ ਮੈਚ ਜਿੱਤ ਲਿਆ।

ਦੱਖਣੀ ਅਫ਼ਰੀਕਾ ਦੀ ਪਾਰੀ ਦਾ 15ਵਾਂ ਓਵਰ ਗੇਂਦਬਾਜ਼ੀ ਕਰਨ ਆਏ ਅਕਸ਼ਰ ਪਟੇਲ ਨੇ ਓਵਰ ਵਿੱਚ 24 ਦੌੜਾਂ ਬਣਾਈਆਂ ਅਤੇ ਇੱਕ ਸਮੇਂ ਹੈਨਰਿਕ ਕਲਾਸੇਨ ਨੇ ਭਾਰਤ ਨੂੰ ਮੈਚ ਵਿੱਚ ਪੂਰੀ ਤਰ੍ਹਾਂ ਬੈਕਫੁੱਟ ਉੱਤੇ ਧੱਕ ਦਿੱਤਾ ਸੀ। 15 ਓਵਰ ਪੂਰੇ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਜਿੱਤ ਲਈ 30 ਗੇਂਦਾਂ ‘ਚ 30 ਦੌੜਾਂ ਦੀ ਲੋੜ ਸੀ ਪਰ ਇਸ ਤੋਂ ਬਾਅਦ ਬੁਮਰਾਹ ਨੇ ਆਪਣੇ ਅਗਲੇ ਓਵਰ ‘ਚ ਸਿਰਫ ਚਾਰ ਦੌੜਾਂ ਦਿੱਤੀਆਂ। ਮੈਚ ਦੇ 17ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਹਾਰਦਿਕ ਨੇ ਓਵਰ ਦੀ ਪਹਿਲੀ ਹੀ ਗੇਂਦ ‘ਤੇ ਕਲਾਸੇਨ ਦਾ ਵਿਕਟ ਲਿਆ ਅਤੇ ਇਸ ਓਵਰ ‘ਚ ਸਿਰਫ 4 ਦੌੜਾਂ ਦਿੱਤੀਆਂ। ਮੈਚ ਦੇ 18ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਬੁਮਰਾਹ ਨੇ ਆਪਣੇ ਸਪੈਲ ਦੇ ਆਖ਼ਰੀ ਓਵਰ ਵਿੱਚ ਸਿਰਫ਼ 2 ਦੌੜਾਂ ਹੀ ਦਿੱਤੀਆਂ ਅਤੇ ਇਸ ਦੌਰਾਨ ਉਸ ਨੇ ਇੱਕ ਵਿਕਟ ਵੀ ਲਈ। ਇਸ ਸਮੇਂ ਤੱਕ ਭਾਰਤੀ ਟੀਮ ਮੈਚ ਵਿੱਚ ਵਾਪਸੀ ਕਰ ਚੁੱਕੀ ਸੀ। 15, 16, 17 ਓਵਰਾਂ ਸਮੇਤ ਅਫ਼ਰੀਕੀ ਟੀਮ ਸਿਰਫ਼ 10 ਦੌੜਾਂ ਹੀ ਜੋੜ ਸਕੀ। ਮੈਚ ਦੇ 19ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸਿਰਫ਼ 6 ਦੌੜਾਂ ਦੇ ਕੇ ਮੈਚ ਨੂੰ ਪੂਰੀ ਤਰ੍ਹਾਂ ਰੋਮਾਂਚਕ ਬਣਾ ਦਿੱਤਾ। ਚੈਂਪੀਅਨ ਬਣਨ ਲਈ ਭਾਰਤ ਨੂੰ ਆਖਰੀ ਓਵਰ ‘ਚ 16 ਦੌੜਾਂ ਦਾ ਬਚਾਅ ਕਰਨਾ ਪਿਆ ਅਤੇ ਹਾਰਦਿਕ ਨੇ ਸਿਰਫ 8 ਦੌੜਾਂ ਦੇ ਕੇ ਭਾਰਤ ਨੂੰ ਚੈਂਪੀਅਨ ਬਣਾਇਆ।

ਭਾਰਤ ਨੇ 2007 ‘ਚ ਟੀ-20 ਵਿਸ਼ਵ ਕੱਪ ਜਿੱਤਿਆ ਸੀ ਪਰ ਉਸ ਤੋਂ ਬਾਅਦ ਟੀਮ ਇੰਡੀਆ ਕਦੇ ਵੀ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ। ਭਾਰਤ 2014 ਵਿੱਚ ਫਾਈਨਲ ਵਿੱਚ ਪਹੁੰਚਿਆ ਸੀ, ਪਰ ਉੱਥੇ ਹਾਰ ਗਿਆ ਸੀ। ਇਸ ਦੇ ਨਾਲ ਹੀ ਭਾਰਤ ਨੇ ਪਿਛਲੇ ਦਹਾਕੇ ਤੋਂ ਮੌਜੂਦ ਚੋਕਰਾਂ ਦਾ ਟੈਗ ਵੀ ਹਟਾ ਦਿੱਤਾ ਹੈ ਕਿਉਂਕਿ 2013 ਦੇ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤ ਦਾ ਇਹ ਪਹਿਲਾ ਆਈਸੀਸੀ ਖਿਤਾਬ ਹੈ।