ਇਕ ਵਿਅਕਤੀ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ,ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਬਰਨਾਲਾ,23 ਜੂਨ 2024
ਬਰਨਾਲਾ ‘ਚ ਸ਼ਨੀਵਾਰ ਦੇਰ ਸ਼ਾਮ ਇੱਕ ਅਕਾਲੀ ਆਗੂ ਨੇ ਮਾਵਾਂ-ਧੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੰਨਾ ਹੀ ਨਹੀਂ ਉਸ ਨੇ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਸੰਦੀਪ ਮਲਿਕ, ਸੀਆਈਏ ਇੰਚਾਰਜ ਬਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ।
ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਇਹ ਘਟਨਾ ਰਾਮ ਰਾਜ ਕਲੌਨੀ ‘ਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਕੁਲਵੀਰ ਮਾਨ, ਉਸ ਦੀ ਮਾਂ ਬਲਵੰਤ ਕੌਰ ਅਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ।
ਪੁਲੀਸ ਦੀ ਮੁੱਢਲੀ ਪੜਤਾਲ ਅਨੁਸਾਰ ਕੁਲਵੀਰ ਮਾਨ ਰਾਮ ਰਾਜ ਕਲੌਨੀ ਵਿੱਚ ਕੋਠੀ ਨੰਬਰ 353 ਵਿੱਚ ਰਹਿੰਦਾ ਸੀ। ਬੇਟੀ ਨਿਮਰਤ ਕੌਰ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਭਾਰਤ ਆਈ ਸੀ। ਸ਼ਾਮ ਨੂੰ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਕ ਤੋਂ ਬਾਅਦ ਇਕ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਉਥੇ ਕੁਲਵੀਰ ਮਾਨ, ਬਲਵੰਤ ਕੌਰ ਅਤੇ ਨਿਮਰਤ ਕੌਰ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਰਿਵਾਲਵਰ ਵੀ ਉੱਥੇ ਹੀ ਪਿਆ ਸੀ। ਉਨ੍ਹਾਂ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਵਿੱਚ ਵਰਤਿਆ ਗਿਆ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਸਲਾ ਲਾਇਸੈਂਸੀ ਸੀ ਜਾਂ ਨਹੀਂ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਸ ਸਾਰਾ ਕੁਝ ਕਰਨ ਦੇ ਪਿੱਛੇ ਕੀ ਕਾਰਨ ਹੈ, ਘਟਨਾ ਦਾ ਛੇਤੀ ਹੀ ਖੁਲਾਸਾ ਹੋ ਜਾਵੇਗਾ।