ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ ਅਤੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਕੀਤੀ ਪੱਕੀ

ਟੀ -20 ਵਿਸ਼ਵ ਕੱਪ ਮੈਚ,23 ਜੂਨ 2024

ਟੀ-20 ਵਿਸ਼ਵ ਕੱਪ 2024 ਦੇ 47ਵੇਂ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ। ਇਹ ਸੁਪਰ-8 ਮੈਚ ਸੀ, ਜਿਸ ‘ਚ ਜਿੱਤ ਦੇ ਨਾਲ ਭਾਰਤ ਨੇ ਸੈਮੀਫਾਈਨਲ ਦੀ ਟਿਕਟ ਲਗਭਗ ਪੱਕੀ ਕਰ ਲਈ ਹੈ। ਇਸ ਮੈਚ ‘ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਅਤੇ ਫਿਰ ਗੇਂਦਬਾਜ਼ੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਬੰਗਲਾਦੇਸ਼ ਨੂੰ ਹਰਾਇਆ। ਭਾਰਤ ਲਈ ਬੱਲੇਬਾਜ਼ੀ ਕਰਦਿਆਂ ਹੋਇਆਂ ਹਾਰਦਿਕ ਪੰਡਯਾ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਨਾਬਾਦ ਅਰਧ ਸੈਂਕੜਾ ਲਗਾਇਆ ਅਤੇ ਫਿਰ ਗੇਂਦਬਾਜ਼ੀ ‘ਚ ਕੁਲਦੀਪ ਯਾਦਵ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ

ਮੈਚ ‘ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਸ ਲਈ ਬਿਲਕੁਲ ਵੀ ਚੰਗਾ ਸਾਬਤ ਨਹੀਂ ਹੋਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ 20 ਓਵਰਾਂ ਵਿੱਚ 196/5 ਦੌੜਾਂ ਬਣਾਈਆਂ। ਫਿਰ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਬੰਗਲਾਦੇਸ਼ ਦੀ ਟੀਮ 20 ਓਵਰਾਂ ‘ਚ 146/8 ਦੌੜਾਂ ਹੀ ਬਣਾ ਸਕੀ। ਮੈਚ ‘ਚ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਬੰਗਲਾਦੇਸ਼ ਦੀ ਟੀਮ ਉਸ ਲੈਅ ‘ਚ ਨਜ਼ਰ ਨਹੀਂ ਆਈ, ਜਿਸ ਤੋਂ ਲੱਗ ਸਕੇ ਕਿ ਉਹ ਜਿੱਤ ਹਾਸਲ ਕਰ ਲਵੇਗੀ। ਬੰਗਲਾਦੇਸ਼ ਲਈ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਸਭ ਤੋਂ ਵੱਡੀ ਪਾਰੀ ਖੇਡਦਿਆਂ ਹੋਇਆਂ 40 ਦੌੜਾਂ ਬਣਾਈਆਂ।

ਬੰਗਲਾਦੇਸ਼ ਨੂੰ 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਚੰਗੀ ਸ਼ੁਰੂਆਤ ਮਿਲੀ। ਓਪਨਿੰਗ ‘ਤੇ ਆਏ ਲਿਟਨ ਦਾਸ ਅਤੇ ਤੰਜੀਦ ਹਸਨ ਨੇ ਪਹਿਲੀ ਵਿਕਟ ਲਈ 35 (27 ਗੇਂਦਾਂ) ਦੀ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੂੰ ਹਾਰਦਿਕ ਪੰਡਯਾ ਨੇ 5ਵੇਂ ਓਵਰ ਦੀ ਤੀਜੀ ਗੇਂਦ ‘ਤੇ ਲਿਟਨ ਦਾਸ ਦੀ ਵਿਕਟ ਲੈਕੇ ਤੋੜ ਦਿੱਤਾ। ਦਾਸ ਨੇ 10 ਗੇਂਦਾਂ ‘ਚ 1 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਫਿਰ ਟੀਮ ਨੇ 10ਵੇਂ ਓਵਰ ਦੀ ਚੌਥੀ ਗੇਂਦ ‘ਤੇ ਤੰਜੀਦ ਹਸਨ ਦੇ ਰੂਪ ‘ਚ ਦੂਜਾ ਵਿਕਟ ਗਵਾਇਆ, ਜਿਸ ਨੂੰ ਕੁਲਦੀਪ ਯਾਦਵ ਨੇ ਆਊਟ ਕੀਤਾ। ਤੰਜੀਦ ਨੇ 31 ਗੇਂਦਾਂ ‘ਚ 4 ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ।

ਫਿਰ ਬੰਗਲਾਦੇਸ਼ ਨੂੰ ਤੀਜਾ ਝਟਕਾ ਕੁਲਦੀਪ ਯਾਦਵ ਨੇ 12ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਤੌਹੀਦ ਹਿਰਦੋਏ ਦੇ ਰੂਪ ‘ਚ ਦਿੱਤਾ। ਤੌਹੀਦ 6 ਗੇਂਦਾਂ ਵਿੱਚ ਸਿਰਫ਼ 04 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਕੁਲਦੀਪ ਨੇ 14ਵੇਂ ਓਵਰ ਦੀ ਚੌਥੀ ਗੇਂਦ ‘ਤੇ ਸ਼ਾਬਿਕ ਅਲ ਹਸਨ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। ਸ਼ਾਕਿਬ ਨੇ 7 ਗੇਂਦਾਂ ‘ਚ 1 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 11 ਦੌੜਾਂ ਬਣਾਈਆਂ। ਫਿਰ 16ਵੇਂ ਓਵਰ ਦੀ ਤੀਜੀ ਗੇਂਦ ‘ਤੇ ਜਸਪ੍ਰੀਤ ਬੁਮਰਾਹ ਨੂੰ ਚੰਗੀ ਪਾਰੀ ਖੇਡ ਰਹੇ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਆਊਟ ਕਰ ਦਿੱਤਾ। ਕਪਤਾਨ ਸ਼ਾਂਤੋ ਨੇ 32 ਗੇਂਦਾਂ ਵਿੱਚ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ।

ਅੱਗੇ ਵਧਦੇ ਹੋਏ ਬੰਗਲਾਦੇਸ਼ ਨੇ 17ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਜ਼ਾਕਰ ਅਲੀ ਦਾ ਵਿਕਟ ਗੁਆ ਦਿੱਤਾ। ਜਾਕੇਰ 4 ਗੇਂਦਾਂ ‘ਤੇ ਸਿਰਫ਼ 01 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੇ 19ਵੇਂ ਓਵਰ ਦੀ ਤੀਜੀ ਗੇਂਦ ‘ਤੇ ਰਿਸ਼ਦ ਹੁਸੈਨ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। ਰਿਸ਼ਦ ਨੇ ਤੇਜ਼ ਪਾਰੀ ਖੇਡਦਿਆਂ ਹੋਇਆਂ 10 ਗੇਂਦਾਂ ‘ਚ 1 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਫਿਰ 20ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਅਰਸ਼ਦੀਪ ਸਿੰਘ ਨੇ ਮਹਿਮੂਦੁੱਲਾ ਨੂੰ ਆਊਟ ਕੀਤਾ, ਜਿਸ ਨੇ 15 ਗੇਂਦਾਂ ‘ਚ 1 ਚੌਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ।

ਇਸ ਜਿੱਤ ਨਾਲ ਭਾਰਤ ਹੁਣ ਆਈਸੀਸੀ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਿਆ ਹੈ ਅਤੇ ਬੰਗਲਾਦੇਸ਼ ਦੌੜ ਤੋਂ ਬਾਹਰ ਹੋ ਗਿਆ ਹੈ। ਭਾਰਤ ਅਗਲੇ ਹਫ਼ਤੇ ਬਾਅਦ ਵਿੱਚ ਗੁਆਨਾ ਵਿੱਚ ਆਪਣਾ ਨਾਕਆਊਟ ਮੈਚ ਖੇਡੇਗਾ।