ਇਟਲੀ ਦੇ ਦੱਖਣੀ ਤੱਟ ‘ਤੇ 2 ਜਹਾਜ਼ ਡੁੱਬੇ, 11 ਲੋਕਾਂ ਦੀ ਮੌਤ; 64 ਲਾਪਤਾ

18 ਜੂਨ 2024

ਇਟਲੀ ਦੇ ਦੱਖਣੀ ਤੱਟ ‘ਤੇ ਦੋ ਜਹਾਜ਼ਾਂ ਦੇ ਡੁੱਬਣ ਨਾਲ 64 ਲੋਕ ਸਮੁੰਦਰ ‘ਚ ਲਾਪਤਾ ਹੋ ਗਏ, ਜਦਕਿ ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਹਿਲੇ ਜਹਾਜ਼ ਹਾਦਸੇ ਵਿਚ ਬਚਾਅ ਕਰਮਚਾਰੀਆਂ ਨੂੰ ਇਟਲੀ ਦੇ ਛੋਟੇ ਟਾਪੂ ਲੈਂਪੇਡੂਸਾ ਨੇੜੇ 10 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ।

ਲਾਪਤਾ ਲੋਕਾਂ ਵਿੱਚ 26 ਬੱਚੇ ਸ਼ਾਮਲ ਹਨ, ਜੋ ਸਾਰੇ ਪ੍ਰਵਾਸੀ ਸਨ। ਜਾਣਕਾਰੀ ਦਿੰਦੇ ਹੋਏ ਸਹਾਇਤਾ ਸਮੂਹਾਂ, ਤੱਟ ਰੱਖਿਅਕ ਅਧਿਕਾਰੀਆਂ ਅਤੇ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਦੱਸਿਆ ਕਿ ਇਕ ਜਹਾਜ਼ ਲੀਬੀਆ ਤੋਂ ਅਤੇ ਦੂਜਾ ਤੁਰਕੀ ਤੋਂ ਰਵਾਨਾ ਹੋਇਆ ਸੀ। ਇਸ ਵਿੱਚ ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ, ਮਿਸਰ ਅਤੇ ਸੀਰੀਆ ਦੇ ਲੋਕ ਸਨ।

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ 2014 ਤੋਂ ਹੁਣ ਤੱਕ 23,500 ਤੋਂ ਵੱਧ ਪ੍ਰਵਾਸੀ ਇਨ੍ਹਾਂ ਪਾਣੀਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਇਸ ਮਹੀਨੇ ਦੀ ਸ਼ੁਰੂਆਤ ‘ਚ ਲੀਬੀਆ ਦੇ ਤੱਟ ‘ਤੇ 11 ਲਾਸ਼ਾਂ ਮਿਲੀਆਂ ਸਨ। ਪਿਛਲੇ ਸਾਲ, ਤੁਰਕੀ ਤੋਂ ਜਾ ਰਹੀ ਇੱਕ ਪ੍ਰਵਾਸੀ ਕਿਸ਼ਤੀ ਕੈਲਾਬ੍ਰੀਆ ਦੇ ਕਟਰੋ ਕਸਬੇ ਦੇ ਨੇੜੇ ਚੱਟਾਨਾਂ ਨਾਲ ਟਕਰਾ ਗਈ ਸੀ। ਇਸ ਹਾਦਸੇ ਵਿੱਚ 94 ਲੋਕਾਂ ਦੀ ਮੌਤ ਹੋ ਗਈ ਸੀ।