ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪੁਲਿਸ ‘ਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼, ਦੋ ਪੁਲਿਸ ਮੁਲਾਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
12 ਜੂਨ 2024
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਰੀਬ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼ ਕਰਦਿਆਂ 102 ਨੌਜਵਾਨਾਂ ਨੂੰ ਸੂਬਾ ਪੁਲਿਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਕੁੱਲ 26,02,926 ਰੁਪਏ ਦੀਆਂ ਰਿਸ਼ਵਤਾਂ ਲੈਣ ਦੇ ਦੋਸ਼ ਹੇਠ ਪੰਜਾਬ ਪੁਲਿਸ ਦੇ ਦੋ ਹੇਠਲੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤੀਜੀ ਆਈ.ਆਰ.ਬੀ. ਵਿੱਚ ਬਤੌਰ ਕਲੀਨਰ ਵਜੋਂ ਤਾਇਨਾਤ ਤਰਲੋਚਨ ਪਾਲ (ਨੰ. 207/ਐਸ) ਨਿਵਾਸੀ ਮੁਹੱਲਾ ਬੇਗਮਪੁਰ, ਆਦਮਪੁਰ, ਜ਼ਿਲ੍ਹਾ ਜਲੰਧਰ ਅਤੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿੱਚ ਨਾਈ (ਗ੍ਰੇਡ-4 ਵਰਕਰ) ਵਜੋਂ ਤਾਇਨਾਤ ਸਹਿ-ਮੁਲਜ਼ਮ ਸੁਰਿੰਦਰਪਾਲ (ਨੰ. 3ਬੀ) ਨਿਵਾਸੀ ਪਿੰਡ ਸੀਕਰੀ, ਨੀਲੋਖੇੜੀ, ਜ਼ਿਲ੍ਹਾ ਕਰਨਾਲ, ਹਰਿਆਣਾ ਦਾ ਰਹਿਣ ਵਾਲੇ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਨੂੰ ਪਿੰਡ ਨੰਗਲਾਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸੁਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਗਏ, ਜਿਸ ਕਾਰਨ ਉਕਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਤਰਲੋਚਨ ਪਾਲ ਅਤੇ ਮੁਲਜ਼ਮ ਸੁਰਿੰਦਰਪਾਲ ਨੂੰ ਅੱਜ ਮਿਤੀ 12.06.2024 ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਇੰਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੋਰ ਕਿੰਨੇ ਭੋਲੇ-ਭਾਲੇ ਵਿਅਕਤੀਆਂ ਨੂੰ ਦਰਜਾ-4 ਕਰਮਚਾਰੀ ਭਰਤੀ ਕਰਾਉਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਹੈ ਅਤੇ ਇਸ ਫਰਜੀ ਘਪਲੇ ਵਿੱਚ ਕੁੱਲ ਕਿੰਨੀ ਰਕਮ ਇਕੱਤਰ ਕੀਤੀ ਗਈ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਤਰਲੋਚਨ ਪਾਲ ਅਤੇ ਇਸ ਕੰਮ ਵਿੱਚ ਉਸ ਦੇ ਸਾਥੀ ਸੁਰਿੰਦਰਪਾਲ ਨੇ ਭੋਲੇ ਭਾਲੇ ਨੌਜਵਾਨਾਂ ਨੂੰ ਝੂਠਾ ਯਕੀਨ ਦਿਵਾਇਆ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਵਿੱਚ ਦਰਜਾ-4 ਦੀਆਂ ਲਗਭਗ 560 ਅਸਾਮੀਆਂ ਭਰੀਆਂ ਜਾਣੀਆਂ ਹਨ। ਉਕਤ ਦੋਵਾਂ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਪੰਜਾਬ ਪੁਲਿਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਵਾਉਣ ਦਾ ਝੂਠਾ ਲਾਰਾ ਲਾ ਕੇ ਪ੍ਰਤੀ ਵਿਅਕਤੀ 25,000 ਰਿਸ਼ਵਤ ਦੀ ਮੰਗ ਕੀਤੀ ਅਤੇ ਸੂਬੇ ਭਰ ਵਿੱਚੋਂ ਕਰੀਬ 102 ਵਿਅਕਤੀਆਂ ਤੋਂ ਇਸ ਤਰਾਂ ਪੈਸੇ ਇਕੱਠੇ ਕੀਤੇ।
ਨਤੀਜੇ ਵਜੋਂ, ਤਰਲੋਚਨ ਪਾਲ ਨੂੰ ਕੁੱਲ 18,09,100 ਰੁਪਏ ਰਿਸ਼ਵਤ ਵਜੋਂ ਪ੍ਰਾਪਤ ਹੋਏ, ਜੋ ਕਿ ਉਸਨੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ ਗਏ ਅਤੇ ਇਸ ਵਿੱਚੋਂ ਉਸਨੇ 5,45,000 ਰੁਪਏ ਸੁਰਿੰਦਰਪਾਲ ਦੇ ਐਚ.ਡੀ.ਐਫ.ਸੀ. ਬੈਂਕ ਖਾਤੇ ਵਿੱਚ ਤਬਦੀਲ ਕਰ ਦਿੱਤੇ। ਇਸ ਤੋਂ ਇਲਾਵਾ ਸੁਰਿੰਦਰਪਾਲ ਦੇ ਬੈਂਕ ਖਾਤੇ ਵਿੱਚ 7,93,826 ਰੁਪਏ ਰਿਸ਼ਵਤ ਵਜੋਂ ਵੱਖਰੇ ਪ੍ਰਾਪਤ ਹੋਏ ਸਨ। ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਤਰਲੋਚਨਪਾਲ ਅਤੇ ਸੁਰਿੰਦਰਪਾਲ ਵੱਲੋਂ ਕੁੱਲ 26,02,926 ਰੁਪਏ ਰਿਸ਼ਵਤ ਵਜੋਂ ਲਏ ਗਏ ਸਨ। ਸਿੱਟੇ ਵਜੋਂ, ਦੋਵਾਂ ਮੁਲਜ਼ਮਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420 ਅਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮਿਤੀ 07/06/2024 ਨੂੰ ਮੁਕੱਦਮਾ ਨੰਬਰ 10 ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਸੁਰਿੰਦਰਪਾਲ ਨੇ ਪੁੱਛਗਿੱਛ ਦੌਰਾਨ ਵਿਜੀਲੈਂਸ ਬਿਊਰੋ ਕੋਲ ਮੰਨਿਆਂ ਹੈ ਕਿ ਉਸਨੇ ਅਤੇ ਤਰਲੋਚਨਪਾਲ ਨੇ ਭਰਤੀ ਹੋਣ ਵਾਲੇ ਚਾਹਵਾਨ ਵਿਅਕਤੀਆਂ ਤੋਂ ਪੈਸੇ ਲੈ ਕੇ ਕਰੀਬ 9.00 ਲੱਖ ਰੁਪਏ ਪੰਜਾਬ ਪੁਲਿਸ ਹੈਡਕੁਆਟਰ ਚੰਡੀਗੜ੍ਹ ਵਿਖੇ ਤਾਇਨਾਤ ਦੋ ਕਰਮਚਾਰੀਆਂ ਨੂੰ ਦੇ ਦਿੱਤੇ ਸਨ। ਉਸਨੇ ਇਹ ਵੀ ਦੱਸਿਆ ਕਿ ਇਹ ਭਰਤੀ ਨਾ ਹੋਣ ਪਿੱਛੋਂ ਹੈਡਕੁਆਟਰ ਵਿਖੇ ਲੱਗੇ ਦੋਹਾਂ ਮੁਲਾਜ਼ਮਾਂ ਵੱਲੋਂ 9.00 ਲੱਖ ਰੁਪਏ ਵਿੱਚੋਂ ਕੁੱਝ ਪੈਸੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ ਪਰ ਬਾਕੀ ਦੇ ਪੈਸੇ ਉਨਾਂ ਹੜੱਪ ਲਏ। ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਏ ਵੱਖ-ਵੱਖ ਪੀੜਤ ਵਿਅਕਤੀਆਂ ਨੂੰ ਬੁਲਾਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਜਿਨਾਂ ਪਾਸੋਂ ਪੈਸੇ ਉਕਤ ਮੁਲਜ਼ਮਾਂ ਨੇ ਰਿਸ਼ਵਤਾਂ ਲਈਆਂ ਸਨ। ਇਸ ਤੋਂ ਇਲਾਵਾ ਹੋਰ ਪੀੜਤ ਵੀ ਅਗਲੇ ਦਿਨਾਂ ਵਿੱਚ ਇੰਨਾਂ ਵੱਲੋਂ ਧੋਖੇ ਨਾਲ ਰਿਸ਼ਵਤਾਂ ਲੈਣ ਬਾਰੇ ਸ਼ਿਕਾਇਤਾਂ ਲੈ ਕੇ ਬਿਊਰੋ ਕੋਲ ਪਹੁੰਚ ਸਕਦੇ ਹਨ।