ਭਲਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਐਲਾਨ ,ਵੱਡੀ ਗਿਣਤੀ ਵਿਚ ਪੁਲਿਸ ਕੀਤੀ ਤਾਇਨਾਤ
ਪੰਜਾਬ ਨਿਊਜ਼,5 ਜੂਨ 2024
ਪੰਜਾਬ ਵਿਚ ਲੋਕ ਸਭਾ ਚੋਣ ਡਿਊਟੀ ਖਤਮ ਹੋਣ ਤੋ ਬਾਦ ਪੰਜਾਬ ਪੁਲਿਸ ਦੀ ਇੱਕ ਹੋਰ ਅਹਿਮ ਡਿਊਟੀ ਮੁੜ ਸ਼ੁਰੂ ਹੋ ਗਈ ਹੈ। ਸਾਕਾ ਨੀਲਾ ਤਾਰਾ ਦੀ ਬਰਸੀ 6 ਜੂਨ ਨੂੰ ਮਨਾਈ ਜਾ ਰਹੀ ਹੈ। ਦਲ ਖਾਲਸਾ ਅਤੇ ਕੁਝ ਹੋਰ ਸਿੱਖ ਜਥੇਬੰਦੀਆਂ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਹੈ।
ਕੱਟੜਪੰਥੀ ਸਿੱਖ ਜਥੇਬੰਦੀਆਂ ਵੱਲੋਂ ਬੁੱਧਵਾਰ ਸ਼ਾਮ ਨੂੰ ਖਾਲਸਾ ਮਾਰਚ ਕੱਢਿਆ ਜਾਵੇਗਾ। ਇਸ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਵੀ ਪੰਜਾਬ ਪੁਲਿਸ ਦੇ ਮੋਢਿਆਂ ‘ਤੇ ਹੈ। ਪੁਲਿਸ ਨੇ ਇੱਕ ਵਾਰ ਫਿਰ ਗੁਰੂਨਗਰ ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਹੱਦੀ ਰੇਂਜ ਦੇ ਸਾਰੇ ਜ਼ਿਲ੍ਹਿਆਂ ਤੋਂ ਪੁਲਿਸ ਬਲ ਬੁਲਾਏ ਗਏ ਹਨ।
ਪੁਲਿਸ ਟਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈ ਰਹੇ ਪੁਲਿਸ ਮੁਲਾਜ਼ਮਾਂ ਨੂੰ ਵੀ ਅੰਮ੍ਰਿਤਸਰ ਵਿੱਚ ਡਿਊਟੀ ਲਈ ਤਾਇਨਾਤ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ 45 ਦੇ ਕਰੀਬ ਗਜ਼ਟਿਡ ਪੁਲਿਸ ਅਧਿਕਾਰੀ ਵੀ ਡਿਊਟੀ ਲਈ ਪੁੱਜੇ ਹੋਏ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਸਾਬਤ ਸੂਰਤ ਗੁਰੂ ਸਿੱਖ ਹਨ। ਉਨ੍ਹਾਂ ਦੀ ਡਿਊਟੀ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸਿਵਲ ਡਰੈੱਸ ਵਿੱਚ ਕੀਤੀ ਜਾ ਰਹੀ ਹੈ।ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਅਤੇ ਸ਼ਹਿਰ ਦੇ ਪੁਰਾਣੇ ਗੇਟਾਂ ’ਤੇ ਪੁਲਿਸ ਬਲ ਤਾਇਨਾਤ ਕਰ ਦਿੱਤੀ ਗਈ ਹੈ।ਜੋ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਨਾਲ ਡਿਊਟੀ ਨਿਭਾਉਣਗੇ।