ਦਿੱਲੀ ਦੇ ਬੇਬੀ ਕੇਅਰ ਸੈਂਟਰ ਵਿਚ ਲੱਗੀ ਭਿਆਨਕ ਅੱਗ-7 ਮਾਸੂਮ ਬੱਚਿਆਂ ਦੀ ਮੌਤ, ਸੈਂਟਰ ਦੇ ਮਾਲਕ ਨੂੰ ਕੀਤਾ ਗ੍ਰਿਫਤਾਰ

ਦਿੱਲੀ,26 ਮਈ 2024

ਦਿੱਲੀ ਦੇ ਬੱਚਿਆਂ ਦੇ ਹਸਪਤਾਲ ਵਿੱਚ ਸ਼ਨੀਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਨ 7 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਫਾਇਰ ਵਿਭਾਗ ਮੁਤਾਬਕ ਇਸ ਦਰਦਨਾਕ ਹਾਦਸੇ ‘ਚ 12 ਬੱਚਿਆਂ ਨੂੰ ਬਚਾ ਲਿਆ ਗਿਆ, ਜਿਨ੍ਹਾਂ ‘ਚੋਂ 7 ਦੀ ਮੌਤ ਹੋ ਗਈ। ਇਸ ਦੇ ਨਾਲ ਹੀ 5 ਬੱਚੇ ਹਸਪਤਾਲ ‘ਚ ਦਾਖਲ ਹਨ ਅਤੇ ਇਕ ਵੈਂਟੀਲੇਟਰ ‘ਤੇ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ (25 ਮਈ) ਦੀ ਰਾਤ 11.32 ਵਜੇ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਇੱਕ ਬੇਬੀ ਕੇਅਰ ਸੈਂਟਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਲਦੀ ਹੀ ਨਾਲ ਲੱਗਦੀਆਂ ਦੋ ਹੋਰ ਇਮਾਰਤਾਂ ‘ਚ ਵੀ ਫੈਲ ਗਈ।ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਨੂੰ ਤੁਰੰਤ ਮੌਕੇ ‘ਤੇ ਰਵਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ‘ਚੋਂ 12 ਨਵਜੰਮੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ, ਪਰ ਇਲਾਜ ਦੌਰਾਨ 7 ਦੀ ਮੌਤ ਹੋ ਗਈ। ਹਸਪਤਾਲ ਵਿੱਚ ਇੱਕ ਬੱਚੇ ਸਮੇਤ ਛੇ ਹੋਰ ਨਿਆਣਿਆਂ ਦਾ ਇਲਾਜ ਚੱਲ ਰਿਹਾ ਹੈ।

ਦਿੱਲੀ ਪੁਲਿਸ ਨੇ ਐਤਵਾਰ ਨੂੰ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਬੇਬੀ ਕੇਅਰ ਨਿਊ ਬਰਨ ਹਸਪਤਾਲ ਦੇ ਮਾਲਕ ਡਾਕਟਰ ਨਵੀਨ ਖਿਚੀ ਨੂੰ ਗ੍ਰਿਫਤਾਰ ਕੀਤਾ।ਪੁਲਿਸ ਦੇ ਡਿਪਟੀ ਕਮਿਸ਼ਨਰ (ਸ਼ਾਹਦਰਾ) ਸੁਰਿੰਦਰ ਚੌਧਰੀ ਨੇ ਕਿਹਾ ਹੈ ਕਿ ਮਾਲਕ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 336 (ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ) ਅਤੇ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਨੇ ਬੱਚਿਆਂ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਅਤੇ ਦੁਖੀ ਮਾਪਿਆਂ ਨੂੰ ਤਾਕਤ ਦੇਣ ਦੀ ਪ੍ਰਾਰਥਨਾ ਕੀਤੀ।

“ਦਿੱਲੀ ਦੇ ਇੱਕ ਹਸਪਤਾਲ ਵਿੱਚ ਅੱਗ ਦੇ ਦੁਖਾਂਤ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੀ.ਐੱਮ.ਐੱਨ.ਆਰ.ਐੱਫ. ਤੋਂ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਿੱਤੀ ਜਾਵੇਗੀ। ਹਰੇਕ ਨੂੰ 50,000 ਰੁਪਏ ਦਿੱਤੇ ਜਾਣਗੇ।

ਕੇਜਰੀਵਾਲ ਨੇ ਇਹ ਵੀ ਕਿਹਾ ਕਿ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।