“ਭਲੇ ਅਮਰ ਦਾਸ ਗੁਣ ਤੇਰੇ ,ਤੇਰੀ ਉਪਮਾ ਤੋਹਿ ਬਨਿ ਆਵੈ।।” ਆਪ ਜੀ ਨੂੰ ਅਤੇ ਆਪ ਜੀ ਦੇ ਪ੍ਰਵਾਰ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਬੇਅੰਤ ਬੇਅੰਤ ਵਧਾਈਆਂ ਹੋਣ ਜੀ।

22 ਮਈ 2024

ਭਲੇ ਅਮਰ ਦਾਸ ਗੁਣ ਤੇਰੇ ,ਤੇਰੀ ਉਪਮਾ ਤੋਹਿ ਬਨਿ ਆਵੈ।।”

ਅੱਜ ਦੇ ਦਿਨ ਸ੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਤੇਜ ਭਾਨ ਜੀ ਅਤੇ ਮਾਤਾ ਲਛਮੀ ਜੀ ਦੇ ਗ੍ਰਹਿ ਪਿੰਡ ਬਾਸਰਕੇ ਵਿਖੇ ਪ੍ਰਕਾਸ਼ਮਾਨ ਹੋਏ ਸਨ।ਗੁਰੂ ਅਮਰਦਾਸ ਜੀ ਇੱਕ ਮਹਾਨ ਅਧਿਆਤਮਕ ਚਿੰਤਨ ਵਾਲੇ ਸਨ ।ਸਾਰਾ ਦਿਨ ਖੇਤੀ ਅਤੇ ਵਪਾਰਕ ਕੰਮਾਂ ਵਿੱਚ ਰੁੱਝੇ ਰਹਿਣ ਦੇ ਬਾਵਜੂਦ ਵੀ ਉਹ ਹਰੀ ਦਾ ਨਾਮ ਜਪਦੇ ਰਹਿੰਦੇ ਸਨ।ਇਸ ਲਈ ਲੋਕ ਉਹਨਾਂ ਨੂੰ ਭਗਤ ਅਮਰਦਾਸ ਜੀ ਕਹਿ ਕੇ ਬੁਲਾਉਂਦੇ ਸਨ ।ਇੱਕ ਵਾਰ ਉਨ੍ਹਾਂ ਨੇ ਆਪਣੀ ਨੂੰਹ ਤੋਂ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸ਼ਬਦ ਸੁਣਿਆ, ਇਹ ਸੁਣ ਕੇ ਉਹ ਇਨਾ ਪ੍ਰਭਾਵਿਤ ਹੋਏ ਕਿ ਆਪਣੀ ਨੂੰਹ ਤੋਂ ਗੁਰੂ ਅੰਗਦ ਦੇਵ ਜੀ ਦਾ ਪਤਾ ਪੁੱਛਣ ਤੋਂ ਬਾਅਦ ਉਹ ਤੁਰੰਤ ਆ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਬੈਠ ਗਏ। 61 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਜੋ ਉਹਨਾਂ ਤੋਂ 25 ਸਾਲ ਛੋਟੇ ਸਨ ,ਨੂੰ ਆਪਣਾ ਗੁਰੂ ਮੰਨ ਲਿਆ ਅਤੇ ਲਗਾਤਾਰ 11 ਸਾਲ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ।

ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨਾਂ ਨੂੰ ਹਰ ਪੱਖੋਂ ਯੋਗ ਸਮਝਦੇ ਹੋਏ  ਉਨ੍ਹਾਂ ਨੂੰ ਗੁਰਗੱਦੀ ਸੌਂਪੀ ।ਇਸ ਤਰਾਂ ਉਹ ਸਿੱਖਾਂ ਦੀ ਤੀਜੇ ਗੁਰੂ ਬਣੇ ।

ਉਸ ਸਮੇਂ ਸਮਾਜ ਵਿੱਚ ਜਾਤ- ਪਾਤ ,ਊਚ -ਨੀਚ ,ਕੰਨਿਆ  ਭਰੂਣ ਹੱਤਿਆ ਅਤੇ ਸਤੀ ਪ੍ਰਥਾ ਵਰਗੀਆਂ ਕਈ ਬੁਰਾਈਆਂ ਪ੍ਰਚਲਿਤ ਸਨ। ਇਹ ਬੁਰਾਈਆਂ ਸਮਾਜ ਦੇ ਸਿਹਤਮੰਦ ਵਿਕਾਸ ਵਿੱਚ ਰੁਕਾਵਟ ਬਣ ਕੇ ਖੜੀਆਂ ਸਨ। ਅਜਿਹੇ ਔਖੇ ਸਮਿਆਂ ਵਿੱਚ ਗੁਰੂ ਅਮਰਦਾਸ ਜੀ ਨੇ ਇਹਨਾਂ ਸਮਾਜਿਕ ਬੁਰਾਈਆਂ ਵਿਰੁੱਧ ਬਹੁਤ ਪ੍ਰਭਾਵਸ਼ਾਲੀ ਲਹਿਰ ਚਲਾਈ ਅਤੇ ਸਮਾਜ ਨੂੰ ਕਈ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦਾ ਸਹੀ ਮਾਰਗ ਵੀ ਦਿਖਾਇਆ ।ਜਾਤ ਪਾਤ ਅਤੇ ਵਿਤਕਰੇ ਨੂੰ ਖਤਮ ਕਰਨ ਲਈ ਗੁਰੂ ਜੀ ਨੇ ਲੰਗਰ ਪ੍ਰਥਾ ਨੂੰ ਹੋਰ ਮਜਬੂਤ ਕੀਤਾ। ਉਹਨਾਂ ਸਮਿਆਂ ਵਿੱਚ ਲੋਕ ਭੋਜਨ ਕਰਨ ਲਈ ਆਪਣੀ ਜਾਤ ਅਨੁਸਾਰ ਕਤਾਰ ਵਿੱਚ ਖੜੇ ਹੁੰਦੇ ਸਨ। ਪਰ ਗੁਰੂ ਅਮਰਦਾਸ ਜੀ ਨੇ ਸਾਰਿਆਂ ਲਈ ਇੱਕੋ ਕਤਾਰ ਵਿੱਚ ਬੈਠ ਕੇ ਲੰਗਰ ਛਕਣਾ ਲਾਜ਼ਮੀ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਜਦੋਂ ਮੁਗਲ ਬਾਦਸ਼ਾਹ ਅਕਬਰ ਗੁਰਦਰਸ਼ਨ ਲਈ ਗੋਇੰਦਵਾਲ ਸਾਹਿਬ ਆਏ ਤਾਂ ਉਸ ਨੇ ਵੀ ‘ਸੰਗਤ’ ਸਮੇਤ ਉਸੇ ‘ਪੰਗਤ’ ਵਿੱਚ ਬੈਠ ਕੇ ਲੰਗਰ ਛਕਿਆ ।ਇੰਨਾ ਹੀ ਨਹੀਂ ਛੂਤ ਛਾਤ ਦੀ ਭੈੜੀ ਪ੍ਰਥਾ ਨੂੰ ਵੀ ਖਤਮ ਕਰਨ ਲਈ ਉਹਨਾਂ ਨੇ ਗੋਇੰਦਵਾਲ ਸਾਹਿਬ ਵਿੱਚ ਸਾਂਝੀ ਬਾਉਲੀ ਦਾ ਨਿਰਮਾਣ ਕੀਤਾ।

ਗੁਰੂ ਅਮਰਦਾਸ ਜੀ ਨੇ ਇੱਕ ਹੋਰ ਕ੍ਰਾਂਤੀਕਾਰੀ ਕੰਮ ਕੀਤਾ ਜੋ ਸਤੀ ਪ੍ਰਥਾ ਨੂੰ ਖਤਮ ਕਰਨਾ ਸੀ ਅਤੇ ਇਸ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਤਾਂ ਜੋ ਸਾਨੂੰ ਸਤੀ ਪ੍ਰਥਾ ਤੋਂ ਆਜ਼ਾਦੀ ਮਿਲ ਸਕੇ। ਗੁਰੂ ਅਮਰਦਾਸ ਜੀ ਪਹਿਲੇ ਸਮਾਜ ਸੁਧਾਰਕ ਸਨ ਜਿਨਾਂ ਨੇ ਸਤੀ ਪ੍ਰਥਾ ਦੇ ਖਿਲਾਫ ਆਵਾਜ਼ ਉਠਾਈ ।ਗੁਰੂ ਅਮਰਦਾਸ ਜੀ ਇੱਕ ਸਤੰਬਰ 1574 ਨੂੰ ਜੋਤੀ ਜੋਤ ਸਮਾ ਗਏ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ।।