ਆਗਰਾ ‘ਚ ਜੁੱਤੀਆਂ ਦੇ ਵਪਾਰੀਆਂ ਦੇ ਟਿਕਾਣਿਆਂ ‘ਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ….100 ਕਰੋੜ ਰੁਪਏ ਤੋਂ ਵੱਧ ਨਗਦੀ ਬਰਾਮਦ ।

19 ਮਈ 2024

ਆਗਰਾ ‘ਚ ਜੁੱਤੀਆਂ ਦੇ ਤਿੰਨ ਵਪਾਰੀਆਂ ਦੇ ਖਿਲਾਫ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਜਾਰੀ ਹੈ। ਇੱਥੇ ਮਿਲੀ  ਨੋਟਾਂ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਕੱਲ੍ਹ ਤੋਂ ਸ਼ੁਰੂ ਹੋਈ ਨੋਟਾਂ ਦੀ ਗਿਣਤੀ ਦਾ ਅਮਲ ਅਜੇ ਰੁਕਿਆ ਨਹੀਂ ਹੈ। ਰਾਤ ਭਰ ਨੋਟਾਂ ਦੀ ਗਿਣਤੀ ਜਾਰੀ ਰਹੀ। ਸਵੇਰ ਤੱਕ 60 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਜਾ ਚੁੱਕੀ ਹੈ।

ਇਸ ਦੌਰਾਨ ਨੋਟ ਗਿਣਨ ਵਾਲੀ ਮਸ਼ੀਨ ਗਰਮ ਹੋ ਗਈ ਅਤੇ ਰੁਕ ਗਈ, ਜਿਸ ਤੋਂ ਬਾਅਦ ਕੁਝ ਸਮੇਂ ਲਈ ਗਿਣਤੀ ਰੋਕ ਦਿੱਤੀ ਗਈ। ਇਸ ਕਾਰਵਾਈ ‘ਚ ਹੁਣ ਤੱਕ 60 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਇਹ ਸੰਖਿਆ 100 ਕਰੋੜ ਰੁਪਏ ਤੋਂ ਵੱਧ ਹੋਣ ਦੀ ਸੰਭਾਵਨਾ ਹੈ।

ਇਨਕਮ ਟੈਕਸ ਵਿਭਾਗ ਵੱਲੋਂ ਹਰਮਿਲਾਪ ਟਰੇਡਰਜ਼, ਬੀਕੇ ਸ਼ੂਜ਼ ਅਤੇ ਮਨਸ਼ੂ ਫੁਟਵੀਅਰ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਨਵੈਸਟੀਗੇਸ਼ਨ ਵਿੰਗ ਨੇ ਆਗਰਾ, ਲਖਨਊ ਅਤੇ ਕਾਨਪੁਰ ਦੇ ਕਰਮਚਾਰੀਆਂ ਨਾਲ ਮਿਲ ਕੇ ਇਨ੍ਹਾਂ ਕਾਰੋਬਾਰੀਆਂ ਦੇ 6 ਟਿਕਾਣਿਆਂ ‘ਤੇ ਕਾਰਵਾਈ ਕੀਤੀ। ਇਨ੍ਹਾਂ ਵਿੱਚ ਐਮਜੀ ਰੋਡ ਸਥਿਤ ਬੀਕੇ ਸ਼ੂਜ਼ ਦੇ ਅਦਾਰੇ ਅਤੇ ਸੂਰਿਆ ਨਗਰ ਸਥਿਤ ਘਰ ਦੀ ਤਲਾਸ਼ੀ ਲਈ ਗਈ। ਜੁੱਤੀਆਂ ਦਾ ਵਪਾਰ ਕਰਨ ਵਾਲੇ ਮਨਸ਼ੂ ਫੁਟਵੀਅਰ ਅਤੇ ਬੀਕੇ ਸ਼ੂਜ਼ ਦੇ ਮਾਲਕ ਰਿਸ਼ਤੇਦਾਰ ਹਨ ਅਤੇ ਪਿਛਲੇ ਕੁਝ ਸਾਲਾਂ ਵਿੱਚ ਮਾਰਕੀਟ ਵਿੱਚ ਵੱਡਾ ਨਾਮ ਬਣ ਗਏ ਹਨ।

ਇਨਵੈਸਟੀਗੇਸ਼ਨ ਵਿੰਗ ਦੀਆਂ 12 ਤੋਂ ਵੱਧ ਟੀਮਾਂ ਨੇ ਇਹ ਕਾਰਵਾਈ ਕੀਤੀ। ਕਾਰੋਬਾਰੀਆਂ ਤੋਂ ਜ਼ਮੀਨਾਂ ‘ਚ ਵੱਡੀ ਮਾਤਰਾ ‘ਚ ਨਿਵੇਸ਼ ਅਤੇ ਸੋਨਾ ਖਰੀਦਣ ਦੀ ਸੂਚਨਾ ਵੀ ਮਿਲੀ ਹੈ।ਟੀਮ ਨੇ ਲੈਪਟਾਪ, ਕੰਪਿਊਟਰ ਅਤੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ। ਉਨ੍ਹਾਂ ਦਾ ਡਾਟਾ ਵੀ ਲਿਆ ਗਿਆ ਹੈ। ਰਸੀਦਾਂ ਅਤੇ ਬਿੱਲਾਂ ਦੇ ਨਾਲ ਸਟਾਕ ਰਜਿਸਟਰ ਦੀ ਜਾਂਚ ਕੀਤੀ ਗਈ ਹੈ। ਇਸ ਜਾਂਚ ‘ਚ ਕਈ ਹੈਰਾਨੀਜਨਕ ਜਾਣਕਾਰੀਆਂ ਸਾਹਮਣੇ ਆਈਆਂ ਹਨ।