ਆਂਧਰਾ ਪ੍ਰਦੇਸ਼ ‘ਚ ਭਿਆਨਕ ਸੜਕ ਹਾਦਸਾ, ਟਿੱਪਰ ਲਾਰੀ ਦੀ ਬੱਸ ਨਾਲ ਟੱਕਰ ‘ਚ 6 ਲੋਕ ਜ਼ਿੰਦਾ ਸੜੇ ਅਤੇ 20 ਜ਼ਖਮੀ।

15 ਮਈ 2024

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ ਵਿੱਚ ਬੁੱਧਵਾਰ ਤੜਕੇ ਇੱਕ ਟਿੱਪਰ ਲਾਰੀ ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 6 ਲੋਕ ਝੁਲਸ ਗਏ ਅਤੇ 20 ਹੋਰ ਜ਼ਖਮੀ ਹੋ ਗਏ।ਬੱਸ ਬਾਪਟਲਾ ਜ਼ਿਲ੍ਹੇ ਦੇ ਨਿਲਯਾਪਾਲਮ ਤੋਂ ਹੈਦਰਾਬਾਦ ਜਾ ਰਹੀ ਸੀ। ਜ਼ਖਮੀ ਯਾਤਰੀਆਂ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ‘ਚ ਵੋਟ ਪਾਉਣ ਤੋਂ ਬਾਅਦ ਹੈਦਰਾਬਾਦ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ ਕਾਸ਼ੀ ਬ੍ਰਹਮੇਸ਼ਵਰ ਰਾਓ (62), ਲਕਸ਼ਮੀ (58), ਸ੍ਰੀਸਾਈ (9), ਬੱਸ ਡਰਾਈਵਰ ਅੰਜੀ, ਟਿੱਪਰ ਚਾਲਕ ਹਰੀ ਸਿੰਘ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਇੱਕ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ। ਜ਼ਖਮੀਆਂ ਨੂੰ ਚਿਲਾਕਲੁਰੀਪੇਟ ਅਤੇ ਗੁੰਟੂਰ ਦੇ ਸਰਕਾਰੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।

ਬਚੇ ਇੱਕ ਵਿਅਕਤੀ ਨੇ ਦੱਸਿਆ ਕਿ ਟੱਕਰ ਦੇ ਨਤੀਜੇ ਵਜੋਂ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਯਾਤਰੀ ਤੁਰੰਤ ਬਾਹਰ ਆ ਗਏ। ਕੁਝ ਲੋਕ ਆਪਣੇ ਆਪ ਨੂੰ ਬਚਾਉਣ ਲਈ ਖਿੜਕੀਆਂ ਦੇ ਤਾਲੇ ਤੋੜ ਕੇ ਬਾਹਰ ਛਾਲ ਮਾਰ ਗਏ। ਹਾਲਾਂਕਿ, ਇੱਕ ਬਜ਼ੁਰਗ ਜੋੜਾ ਅਤੇ ਇੱਕ ਬੱਚਾ ਬਾਹਰ ਨਹੀਂ ਆ ਸਕੇ। ਬੱਸ ਵਿੱਚ ਕਰੀਬ 42 ਯਾਤਰੀ ਸਵਾਰ ਸਨ। ਉਹ ਬਾਪਟਲਾ ਜ਼ਿਲੇ ਦੇ ਨਿਲਯਾਪਾਲਮ ਮੰਡਲ ਦੇ ਨਿਵਾਸੀ ਸਨ ਅਤੇ ਸੋਮਵਾਰ ਨੂੰ ਆਪਣੀ ਵੋਟ ਪਾਉਣ ਤੋਂ ਬਾਅਦ ਹੈਦਰਾਬਾਦ ਪਰਤ ਰਹੇ ਸਨ।