“ਰੁੱਖ ਲਗਾਓ” ਜੀਵਨ ਖੁਸ਼ਹਾਲ ਬਣਾਓ।
13 ਮਈ 2024
“ਜੇ ਧਰਤੀ ਤੇ ਰੁੱਖ ਨਾ ਹੁੰਦਾ, ਜਿਉਂਦਾ ਕੋਈ ਮਨੁੱਖ ਨਾ ਹੁੰਦਾ।”
ਰੁੱਖ ਜੀਵਨ ਦਾ ਆਧਾਰ ਅਤੇ ਅਨਿੱਖੜਵਾਂ ਅੰਗ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫ਼ਲ, ਫੁੱਲ, ਲੱਕੜ, ਕਾਗਜ਼, ਰਬੜ, ਜੜੀਆਂ-ਬੂਟੀਆਂ ਆਦਿ ਦਿੰਦੇ ਹਨ। ਇਹ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ। ਪਿੱਪਲ, ਬੋਹੜ, ਕਿੱਕਰ, ਅੰਬ, ਟਾਹਲੀ, ਸਫ਼ੈਦਾ, ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ।ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ਉੱਪਰ ਨਿਰਭਰ ਕਰਦੀ ਹੈ। ਰੁੱਖਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ।
ਇਨ੍ਹਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ’ਤੇ ਤਬਾਹੀ ਫੈਲ ਜਾਏਗੀ। ਜਿਸ ਅਨੁਪਾਤ ਵਿਚ ਰੁੱਖ ਕੱਟੇ ਜਾ ਰਹੇ ਹਨ ਜੇਕਰ ਉਸੇ ਜਾਂ ਉਸ ਤੋਂ ਵੀ ਵੱਧ ਅਨੁਪਾਤ ਵਿਚ ਨਵੇਂ ਰੁੱਖ ਨਾ ਲਗਾਏ ਗਏ ਤਾਂ ਸਾਡੇ ਗ੍ਰਹਿ ਤੋਂ ਜੀਵਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਰੁੱਖ ਕੁਦਰਤ ਦੀ ਉਹ ਦਾਤ ਹਨ ਜਿਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਹ ਸਾਡੇ ਸਭ ਤੋਂ ਭਰੋਸੇਯੋਗ ਮਿੱਤਰ ਹਨ। ਸਾਡੇ ਦੁਆਰਾ ਲਗਾਇਆ ਗਿਆ ਇਕ ਰੁੱਖ ਸਿਰਫ਼ ਸਾਡੇ ਲਈ ਹੀ ਫਾਇਦੇਮੰਦ ਨਹੀਂ ਹੁੰਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਪਹੁੰਚਾਉਂਦਾ ਹੈ। ਹਵਾ, ਪਾਣੀ, ਬਾਲਣ, ਖਾਣ-ਪੀਣ ਦੀ ਸਮੱਗਰੀ, ਕੱਪੜੇ, ਜਾਨਵਰਾਂ ਲਈ ਚਾਰਾ ਅਤੇ ਇਮਾਰਤੀ ਲੱਕੜ ਆਦਿ ਸਭ ਕੁਝ ਸਾਨੂੰ ਇਨ੍ਹਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਰੁੱਖ ਅਤੇ ਜੰਗਲ ਸਿਰਫ਼ ਮਨੁੱਖ ਲਈ ਹੀ ਅਮੁੱਲ ਨਹੀਂ ਹਨ ਸਗੋਂ ਇਹ ਪੰਛੀਆਂ ਜੰਗਲੀ-ਜੀਵਾਂ ਦੇ ਵੀ ਰੈਣ-ਬਸੇਰੇ ਹਨ। ਇਨ੍ਹਾਂ ਤੋਂ ਬਗੈਰ ਅਸੀਂ ਕੁਦਰਤ ਵੱਲੋਂ ਮਿਲੇ ਰੰਗ-ਬਿਰੰਗੇ ਪੰਛੀਆਂ ਦੇ ਅਨਮੋਲ ਖਜ਼ਾਨੇ ਦੀ ਕਲਪਨਾ ਵੀ ਨਹੀਂ ਕਰ ਸਕਦੇ, ਪਰ ਕੀ ਮਨੁੱਖ ਇਨ੍ਹਾਂ ਕੁਦਰਤੀ ਸਾਧਨਾਂ ਦਾ ਲਾਭ ਹੀ ਲੈਣਾ ਚਾਹੁੰਦਾ ਹੈ ਜਾਂ ਇਨ੍ਹਾਂ ਵਸੀਲਿਆਂ ਦੀ ਸਾਂਭ-ਸੰਭਾਲ ਪ੍ਰਤੀ ਵੀ ਸੁਚੇਤ ਹੈ ?
ਅੱਜ ਕੱਲ ਲੋਕਾਂ ਨੂੰ ਲੱਗਦਾ ਹੈ ਕਿ ਏ. ਸੀ,ਕੂਲਰ ਪੱਖੇ ਆਦਿ ਜੀਵਨ ਦੇ ਸਹਾਰੇ ਹਨ।ਇਹ ਸਾਡੀ ਬਹੁਤ ਵੱਡੀ ਭੁੱਲ ਹੈ।ਇਸ ਲਈ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਏ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰੇ।
ਅੰਤ ਵਿੱਚ ਆਪ ਸਭ ਵਰਖਾ ਵਾਲੇ ਦਿਨਾਂ ਵਿਚ 2 ਪੌਦੇ ਜ਼ਰੂਰ ਲਗਾਓ।ਜੇਕਰ ਹਰ ਵਿਅਕਤੀ ਰੁੱਖਾਂ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੋ ਜਾਵੇ ਤਾਂ ਧਰਤੀ ਅਤੇ ਮਨੁੱਖੀ ਜੀਵਨ ਖੁਸ਼ਹਾਲ ਹੋ ਜਾਏਗਾ।ਯਾਦ ਰੱਖੋ ,ਅਤੇ ਸਭ ਨੂੰ ਦੱਸੋ
“ਰੁੱਖ ਹੀ ਜੀਵਨ ਹੈ” ਧੰਨਵਾਦ।