ਮੁਲਾਜ਼ਮਾਂ ਦੀ ਬਗ਼ਾਵਤ ਕਾਰਨ ਏਅਰ ਇੰਡੀਆ ਦੀਆਂ 78 ਤੋਂ ਵੱਧ ਉਡਾਣਾ ਰੱਦ,ਬੀਮਾਰੀ ਦੀ ਛੁੱਟੀ ਲੈ ਕੇ ਗਏ ਮੋਬਾਈਲ ਵੀ ਕੀਤਾ ਬੰਦ।

8 ਮਈ 2024

ਏਅਰਲਾਈਨਜ਼ ਦੇ ਸੀਨੀਅਰ ਮੈਂਬਰ ਬਿਮਾਰੀ ਦੀ ਛੁੱਟੀ ‘ਤੇ ਚਲੇ ਗਏ ਹਨ, ਜਿਸ ਕਾਰਨ ਕੰਪਨੀ ਨੂੰ 78 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਨੂੰ ਅਚਾਨਕ ਆਪਣੀਆਂ 78 ਉਡਾਣਾਂ ਰੱਦ ਕਰਨੀਆਂ ਪਈਆਂ ਹਨ ਅਤੇ ਇਸ ਦਾ ਮੁੱਖ ਕਾਰਨ ਕਰਮਚਾਰੀਆਂ ਦੀ ਕਮੀ ਹੈ।

ਦਰਅਸਲ, ਏਅਰਲਾਈਨਜ਼ ਦੇ ਕਰੂ ਮੈਂਬਰ ਸਮੂਹਿਕ ਤੌਰ ‘ਤੇ ਮਾਸ ਸੀਕ ਲੀਵ ‘ਤੇ ਚਲੇ ਗਏ ਹਨ, ਜਿਸ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣਾ ਪਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੇ ਛੁੱਟੀ ਦਾ ਕੋਈ ਨੋਟਿਸ ਵੀ ਨਹੀਂ ਦਿੱਤਾ । ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਸੀਨੀਅਰ ਕਰੂ ਮੈਂਬਰਾਂ ਦੇ ਅਚਾਨਕ ਬਿਨਾਂ ਨੋਟਿਸ ਦਿੱਤੇ ਛੁੱਟੀ ‘ਤੇ ਜਾਣ ਕਾਰਨ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਡਾਣਾਂ ਮੱਧ ਪੂਰਬ ਅਤੇ ਖਾੜੀ ਦੇਸ਼ਾਂ ਲਈ ਹਨ। ਇਸ ਤੋਂ ਇਲਾਵਾ ਕਈ ਉਡਾਣਾਂ ‘ਚ ਦੇਰੀ ਹੋਈ ਹੈ।

ਜਾਣਕਾਰੀ ਅਨੁਸਾਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦਾ ਰਲੇਵਾਂ ਹੋਣ ਜਾ ਰਿਹਾ ਹੈ। ਜਿਸ ਦਾ ਮੁਲਾਜ਼ਮ ਲਗਾਤਾਰ ਵਿਰੋਧ ਕਰ ਰਹੇ ਹਨ। ਦੋਵੇਂ ਏਅਰਲਾਈਨਾਂ ਦੇ ਪਾਇਲਟ ਅਤੇ ਕੈਬਿਨ ਕਰੂ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀਆਂ ਨੌਕਰੀਆਂ ਖ਼ਤਰੇ ਵਿੱਚ ਹਨ।