ਕੇਂਦਰੀ ਜੇਲ੍ਹ ’ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਅੰਮ੍ਰਿਤਸਰ।
ਅੰਮ੍ਰਿਤਸਰ – 2 ਮਈ 2024
ਕੇਂਦਰੀ ਜੇਲ੍ਹ ਦੀ ਲੈਬ ਦੇ ਪ੍ਰਾਈਵੇਟ ਟੈਕਨੀਸ਼ੀਅਨ ਨੂੰ 149 ਗ੍ਰਾਮ ਅਫ਼ੀਮ, 8400 ਰੁਪਏ ਦੇ ਨਸ਼ੀਲੇ ਪਦਾਰਥ, 2 ਮੋਬਾਈਲ ਫ਼ੋਨ ਅਤੇ ਇੱਕ ਜਾਅਲੀ ਜੇਲ੍ਹ ਆਈਡੀ ਕਾਰਡ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜੇਲ੍ਹ ਸੁਪਰਡੈਂਟ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਇਸਲਾਮਾਬਾਦ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਹੈ।
ਦੱਸ ਦੇਈਏ ਕਿ ਮੁਲਜ਼ਮ ਲੈਬ ਟੈਕਨੀਸ਼ੀਅਨ ਦੀ ਪਛਾਣ ਜਸਦੀਪ ਸਿੰਘ ਵਾਸੀ ਪਿੰਡ ਖਾਪੜਖੇੜੀ ਵਜੋਂ ਹੋਈ ਹੈ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਲੈਬ ਟੈਕਨੀਸ਼ੀਅਨ ਕੈਦੀਆਂ ਅਵਤਾਰ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਅਤੇ ਕੈਦੀ ਲਵਪ੍ਰੀਤ ਸਿੰਘ ਨੂੰ ਅਫ਼ੀਮ ਸਪਲਾਈ ਕਰਦਾ ਸੀ। ਜਸਦੀਪ ਕੋਲੋਂ ਬਰਾਮਦ ਹੋਏ ਮੋਬਾਈਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਲਾਕ-ਅੱਪ ਅਵਤਾਰ ਸਿੰਘ ਨਾਲ ਫ਼ੋਨ ‘ਤੇ ਗੱਲਬਾਤ ਕਰਦਾ ਸੀ। ਜਿਸ ਤੋਂ ਬਾਅਦ ਅਵਤਾਰ ਕੋਲੋਂ ਵੀ ਫੋਨ ਬਰਾਮਦ ਹੋਇਆ।
ਪੁਲਿਸ ਨੇ ਦੱਸਿਆ ਕਿ ਹਵਾਲਾਤੀ ਅਵਤਾਰ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਅਤੇ ਕੈਦੀ ਲਵਪ੍ਰੀਤ ਸਿੰਘ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਜੇਲ੍ਹ ਤੋਂ ਥਾਣੇ ਲਿਆਂਦਾ ਜਾਵੇਗਾ। ਐੱਸਆਈਟੀ ਦੀ ਟੀਮ ਜੇਲ੍ਹ ਵਿੱਚ ਬੰਦ ਅਵਤਾਰ ਅਤੇ ਲੈਬ ਟੈਕਨੀਸ਼ੀਅਨ ਜਸਦੀਪ ਸਿੰਘ ਤੋਂ ਬਰਾਮਦ ਹੋਏ ਮੋਬਾਈਲਾਂ ਦੀ ਜਾਂਚ ਕਰੇਗੀ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਜਸਦੀਪ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਜੇਲ੍ਹ ’ਚ ਤਸਕਰੀ ਦਾ ਕੰਮ ਕਰ ਰਿਹਾ ਸੀ।ਉਸ ਨੂੰ ਅਫ਼ੀਮ ਪਹੁੰਚਾਉਣ ਦੇ ਬਦਲੇ ਮੋਟੀ ਰਕਮ ਦਿੰਦੇ ਸਨ। ਜਸਦੀਪ ਨੇ ਫਰਜ਼ੀ ਜੇਲ੍ਹ ਆਈਡੀ ਕਾਰਡ ਬਣਾਇਆ ਸੀ ਤਾਂ ਜੋ ਉਹ ਆਸਾਨੀ ਨਾਲ ਬੈਰਕ ਤੱਕ ਪਹੁੰਚ ਸਕੇ।