ਕੁਦਰਤ ਦਾ ਅਨਮੋਲ ਤੋਹਫ਼ਾ ‘ ਖੁਸ਼ੀ ‘ ਨੂੰ ਜੀਵਨ ਵਿਚ ਲਿਆਈਏ….ਆਓ ਜਾਣੀਏ ਕਿ ਔਖੇ ਦੌਰ ‘ਚ ਵੀ ਖੁਸ਼ ਕਿਵੇਂ ਰਹਿਣਾ ਹੈ।
22 ਅਪ੍ਰੈਲ 2024
ਕੁਦਰਤ ਦਾ ਮਿੱਠਾ ਤੋਹਫਾ ਹੈ ਖੁਸ਼ੀ ….ਕੁਦਰਤ ਸਾਨੂੰ ਖੁਸ਼ ਹੋਣ ਦੇ ਹਜ਼ਾਰਾਂ ਮੌਕੇ ਪ੍ਰਦਾਨ ਕਰਦੀ ਹੈ ਇਹ ਸਾਡੇ ਤੇ ਨਿਰਭਰ ਹੁੰਦਾ ਹੈ ਕਿ ਅਸੀਂ ਇਸ ਨੂੰ ਕਿਸ ਤਰਾਂ ਜਿਉਣਾ ਹੈ, ਅਤੇ ਔਖੇ ਦੋਰ ਵਿੱਚ ਵੀ ਖੁਸ਼ ਕਿਵੇਂ ਰਹਿਣਾ ਹੈ। ਖੁਸ਼ੀ ਉਹ ਹਸੀਨ ਕਲਾ ਦਾ ਬਗੀਚਾ ਹੈ ਜਿਸ ਵਿੱਚ ਦੁੱਖ ਪੀੜਾ ਵੈਰਾਗ ਨਾਮ ਦਾ ਕੋਈ ਪੌਦਾ ਨਹੀਂ ਉਗਿਆ। ਚੰਗੇ ਮਾੜੇ ਸਮੇਂ ਦਾ ਪ੍ਰਭਾਵ ਆਪਣੇ ਤੇ ਹਮੇਸ਼ਾ ਪਾ ਕੇ ਰੱਖਣ ਨਾਲੋਂ ਚੰਗਾ ਖੁਸ਼ੀ ਲੱਭੋ। ਜੀਵਨ ਦੇ ਉਤਰਾਅ ਚੜਾਅ ਭਰੇ ਸਮੇਂ ‘ਚ ਅਸੀਂ ਆਪਣੇ ਓਹ ਖੂਬਸੂਰਤ ਪਲ ਵਿਸਾਰ ਦਿੰਦੇ ਹਾਂ , ਜਿਨ੍ਹਾਂ ‘ਚ ਅਸੀਂ ਖੁਸ਼ੀ ਮਹਿਸੂਸ ਕਰ ਸਕਦੇ ਹੁੰਦੇ ਹਾਂ। ‘ਖੁਸ਼ੀ’ ਕੁਦਰਤ ਨੂੰ ਮਹਿਸੂਸ ਕਰਨ ਦਾ ਜ਼ਰੀਆ ਹੈ, ਖੁਸ਼ੀ ਰੱਬ ਨੂੰ ਪਾ ਲੈਣ ਦਾ ਅਹਿਸਾਸ ਹੈ, ਗੱਲ ਸਾਰੀ ਮਾਨਸਿਕਤਾ ਦੀ ਹੈ, ਸੋਚ ਦੀ ਹੈ, ਨਜ਼ਰੀਏ ਦੀ ਹੈ। ਆਓ ਕੁਦਰਤ ਦਾ ਮਿੱਠੜੇ ਅਹਿਸਾਸ ਰੂਪੀ ਅਨਮੋਲ ਤੋਹਫ਼ੇ ‘ਖੁਸ਼ੀ’ ਨੂੰ ਜੀਵਨ ਵਿਚ ਪ੍ਰਵੇਸ਼ ਕਰਵਾਈਏ। ਆਓ ਜਾਣੀਏ ਕਿ ਔਖੇ ਦੌਰ ‘ਚ ਵੀ ਖੁਸ਼ ਕਿਵੇਂ ਰਹਿਣਾ ਹੈ।
ਜੀਵਣ ਜੀਊਣ ਦਾ ਬਦਲੋ ਨਜ਼ਰੀਆ- ਇੱਕ ਵਾਰ ਮਿਲਿਆ ਜੀਵਨ ਅਜਾਂਈ ਚਿੰਤਾਵਾਂ-ਫ਼ਿਕਰਾਂ ‘ਚ ਨਾ ਗੁਆਓ। ਹਰੇਕ ਸਥਿਤੀ ‘ਚ ਕੁਝ ਸਕਾਰਾਤਮਕ ਪਲ ਲੱਭਣ ਦੀ ਕੋਸ਼ਿਸ਼ ਕਰੋ। ਜੀਵਨ ‘ਚ ਦੁੱਖ ‘ਤੇ ਫੋਕਸ ਕਰਨ ਦੀ ਜਗ੍ਹਾ, ਇਹ ਆਦਤ ਅਪਣਾਓ ਕਿ ਖੁਸ਼ੀ ਲੱਭੀ ਜਾਵੇ। ਹਰੇਕ ਵਿਅਕਤੀ ਨੂੰ, ਹਰੇਕ ਸਥਾਨ ਨੂੰ , ਹਰੇਕ ਸਥਿਤੀ ਨੂੰ ਵੇਖਣ ਦਾ ਨਜ਼ਰੀਆ ਬਦਲੋ, ਚੰਗਾ ਲੱਗੇਗਾ, ਖੁਸ਼ੀ ਮਿਲੇਗੀ।
ਨਕਾਰਾਤਮਕ ਵਿਚਾਰਾਂ ਤੋਂ ਰਹੋ ਦੂਰ:- ਕੁਝ ਲੋਕ ਆਪਣੇ ਉੱਪਰ ਨਕਾਰਾਤਮਕ ਵਿਚਾਰ ਹਾਵੀ ਕਰ ਲੈਂਦੇ ਹਨ ਅਤੇ ਉਨ੍ਹਾਂ ਤੋਂ ਛੁਟਕਾਰਾ ਪਾਉਣ ਵਿੱਚ ਉਨ੍ਹਾਂ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਨੁੱਖ ਦੀ ਸੋਚ ਹੀ ਉਸ ਦੀ ਜ਼ਿੰਦਗੀ ਦੀ ਬੁਨਿਆਦ ਹੁੰਦੀ ਹੈ। ਜੀਵਨ ਵਿਚ ਅਸਲੀ ਖੁਸ਼ੀ ਲਇਸਦੀ ਰੁਚੀ ਦੇ ਕਾਰਜਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਕਸਰਤ ਕਰੇਗੀ ਮੂਡ ਵਧੀਆ :ਕਸਰਤ ਕਰਨ ਨਾਲ ਚੰਗੇ ਮੂਡ ਐਂਡੋਰਫਿਨ ਰਿਲੀਜ਼ ਹੁੰਦੇ ਹਨ , ਜਿਸ ਉਪਰੰਤ ਤੁਸੀਂ ਕਸਰਤ ਤੋਂ ਬਾਅਦ ਹਮੇਸ਼ਾ ਬਿਹਤਰ, ਖੁਸ਼ ਅਤੇ ਤਰੋਤਾਜ਼ਾ ਮਹਿਸੂਸ ਕਰਦੇ ਹੋ। ਸਰੀਰਕ ਗਤੀਵਿਧੀ ਉਦਾਸੀ ਨੂੰ ਦੂਰ ਰੱਖਣ ਵਿੱਚ ਸਹਾਇਤਾ ਕਰ ਸਕਦੀ ਹੈ ।
ਆਪਣੀਆਂ ਅਸਫ਼ਲਤਾਵਾਂ ਨੂੰ ਘੱਟ ਅਤੇ ਸਫ਼ਲਤਾ ਨੂੰ ਵਧੇਰੇ ਕਰੋ ਯਾਦ:- ਅਕਸਰ ਲੋਕ ਆਪਣੀਆਂ ਅਸਫ਼ਲਤਾਵਾਂ ਨੂੰ ਯਾਦ ਕਰਕੇ ਪੀੜ ਮਹਿਸੂਸ ਕਰਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨ ‘ਚ ਖਲਾਅ ਅਤੇ ਚਿਹਰੇ ਤੇ ਉਦਾਸੀ ਛਾਈ ਰਹਿੰਦੀ ਹੈ। ਬਿਹਤਰ ਹੋਵੇਗਾ , ਆਪਣੀਆਂ ਸਫ਼ਲਤਾਵਾਂ ਬਾਰੇ ਸੋਚੋ ਅਤੇ ਖੁਸ਼ ਹੋਵੋ, ਅੱਗੇ ਵਧਣ ਦਾ ਹੌਂਸਲਾ ਵੀ ਮਿਲੇਗਾ ਇਸ ਨਾਲ।ਇਸ ਤਰ੍ਹਾਂ ਖੁਸ਼ ਰਹਿਣ ਦੇ ਹੋਰ ਵੀ ਕਈ ਤਰੀਕੇ ਹਨ:-
*ਖੁਸ਼ ਰਹਿਣ ਲਈ ਆਪਣੇ ਆਪ ਨੂੰ ਕਿਸੇ ਨ ਕਿਸੇ ਕੰਮ ਵਿੱਚ ਵਿਅਸਤ ਰੱਖੋ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ।
*ਆਪਣੇ ਮਾਂ ਬਾਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਅਪਣਾ ਦੁੱਖ ਛੋਟਾ ਲੱਗੂਗਾ।
*ਹਮੇਸ਼ਾ ਸਕਾਰਾਤਮਕ ਸੋਚ ਰੱਖੋ।
*ਸੰਤੁਲਿਤ ਭੋਜਨ ਖਾਓ।
*ਆਪਣੇ ਆਸ ਪਾਸ ਦੇ ਵਿਅਕਤੀਆ ਨੂੰ ਹਸਾਉਣ ਦੀ ਕੋਸ਼ਿਸ਼ ਕਰੋ।
*ਆਪਣੀ ਸਿਹਤ ਦਾ ਧਿਆਨ ਰੱਖੋ।
ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਸਭ ਨੂੰ ਖੁਸ਼ ਰੱਖਣ ਦੀ…… “ਜ਼ਿੰਦਗੀ ਅਨਮੋਲ ਹੈ ਜੋ ਰੱਬ ਨੇ ਦਿੱਤੀ ਹੈ, ਆਸ਼ਾਵਾਦੀ ਰਹਿ ਕੇ ਜੀਓ ਤੇ ਰੱਬ ਦਾ ਸ਼ੁਕਰਾਨਾ ਕਰੋ।”By:-Gavy (Arenja)