ਸਿੱਧੂ ਮੂਸੇਵਾਲਾ ਦੀ ਸਰਪੰਚ ਮਾਂ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾ ਕੇ ਨਾਮਾਲੂਮ ਵੱਲੋਂ ਅੰਗਹੀਣ ਪੈਨਸ਼ਨ ਲਗਵਾਉਣ ਲਈ ਫ਼ਾਰਮ ਭਰਨ ਦਾ ਮਾਮਲਾ।

17 ਅਪ੍ਰੈਲ 2024

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਪਿੰਡ ਮੂਸਾ ਦੀ ਸਰਪੰਚ ਹੈ। ਉਨ੍ਹਾਂ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾ ਕੇ ਨਾਮਾਲੂਮ ਵੱਲੋਂ ਅੰਗਹੀਣ ਪੈਨਸ਼ਨ ਲਗਵਾਉਣ ਲਈ ਫ਼ਾਰਮ ਭਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਸਰਪੰਚ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਜਦ ਜਾਅਲੀ ਦਸਤਖਤਾਂ ਤੇ ਜਾਅਲੀ ਮੋਹਰ ਲਗਾਏ ਹੋਏ ਪੈਨਸ਼ਨ ਦੇ ਕਾਗਜ਼ਾਤ ਤਿਆਰ ਕੀਤੇ ਹੋਏ ਜ਼ਿਲ੍ਹਾ ਬਾਲ ਵਿਕਾਸ ਦਫ਼ਤਰ ’ਚ ਪੁੱਜੇ। ਇਨ੍ਹਾਂ ਕਾਗਜ਼ਾਤਾਂ ’ਚ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਮੂਸਾ ਦਾ ਨਾਂਅ ਲਿਖ ਕੇ ਫਾਰਮ ਭਰੇ ਗਏ ਸਨ। ਇਨ੍ਹਾਂ ’ਤੇ ਸਰਪੰਚ ਚਰਨ ਕੌਰ ਦੇ ਜਾਅਲੀ ਦਸਤਖਤ ਅਤੇ ਮੋਹਰ ਲਗਾਈ ਗਈ ਸੀ। ਦਫ਼ਤਰ ਦੇ ਅਧਿਕਾਰੀਆਂ ਨੇ ਜਦ ਰਿਕਾਰਡ ਦੇਖਿਆ ਤਾਂ ਸਹੀ ਰਿਕਾਰਡ ਨਾ ਮਿਲਣ ’ਤੇ ਉਹ ਪਿੰਡ ਮੂਸਾ ਪੁੱਜੇ, ਜਿੱਥੇ ਸਰਪੰਚ ਚਰਨ ਕੌਰ ਤੋਂ ਪਤਾ ਲੱਗਿਆ ਕਿ ਸਰਪੰਚ ਦੀ ਮੋਹਰ ਅਤੇ ਦਸਤਖਤ ਜਾਅਲੀ ਹਨ। ਇਸ ਦੇ ਬਾਅਦ ਜਾਂਚ ’ਚ ਪਤਾ ਲੱਗਾ ਕਿ ਕਿਸੇ ਨਾਮਾਲੂਮ ਔਰਤ ਨੇ ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਵਾਸੀ ਲਾਧੂਕਾ ਜ਼ਿਲ੍ਹਾ ਫਾਜ਼ਿਲਕਾ ਦੇ ਆਧਾਰ ਕਾਰਡ ਨਾਲ ਛੇੜਛਾੜ ਕਰ ਕੇ, ਫੋਟੋ ਤਬਦੀਲ ਕਰ ਕੇ, ਉਸ ਦੇ ਬੈਂਕ ਖਾਤੇ ਦੇ ਨੰਬਰ ਨਾਲ ਛੇੜਛਾੜ ਕਰਨ ਤੋਂ ਇਲਾਵਾ ਜਾਅਲੀ ਸ਼ਨਾਖਤੀ ਕਾਰਡ ਅਤੇ ਚੀਫ ਮੈਡੀਕਲ ਅਫਸਰ ਕੋਲੋਂ ਜਾਅਲੀ ਅੰਗਹੀਣ ਆਈਡੀ ਬਣਵਾ ਕੇ ਪੈਨਸ਼ਨ ਲਈ ਫਾਰਮ ਭਰੇ ਸਨ। ਪਰਮਜੀਤ ਕੌਰ ਪਤਨੀ ਵੀਰਪਾਲ ਸਿੰਘ ਪਿੰਡ ਮੂਸਾ ਨਾਲ ਸਬੰਧਿਤ ਨਹੀਂ ਪਾਈ ਗਈ। ਇਨ੍ਹਾਂ ਜਾਅਲੀ ਦਸਤਖਤਾਂ ਅਤੇ ਜਾਅਲੀ ਮੋਹਰ ਦੀ ਵਰਤੋਂ ਕਰਨ ਬਾਰੇ ਸਰਪੰਚ ਚਰਨ ਕੌਰ ਦੇ ਪਤੀ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਨਾਮਾਲੂਮ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।।