ਰਾਹੁਲ ਗਾਂਧੀ ਦੀ ਗਰੀਬ ਔਰਤਾਂ ਨੂੰ 1 ਲੱਖ ਰੁਪਏ ਦੀ ਗਾਰੰਟੀ
13 ਮਾਰਚ 2024
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਵਿਚ ਸੱਤਾ ‘ਚ ਆਉਂਦੀ ਹੈ ਤਾਂ ਗਰੀਬ ਔਰਤਾਂ ਦੇ ਬੈਂਕ ਖਾਤਿਆਂ ‘ਚ ਸਾਲਾਨਾ ਇਕ ਲੱਖ ਰੁਪਏ ਜਮ੍ਹਾ ਕੀਤੇ ਜਾਣ ਤੋਂ ਇਲਾਵਾ ਸਰਕਾਰੀ ਨੌਕਰੀਆਂ ‘ਚ 50 ਫ਼ੀ ਸਦੀ ਰਾਖਵਾਂਕਰਨ ਸਮੇਤ ਪੰਜ ਮਹਿਲਾ ਨਿਆਂ ਗਾਰੰਟੀ ਦਿਤੀਆਂ ਜਾਣਗੀਆਂ।
ਭਾਰਤ ਜੋੜੋ ਨਿਆਂ ਯਾਤਰਾ ਦੇ ਹਿੱਸੇ ਵਜੋਂ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿਚ ਇਕ ਮਹਿਲਾ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਵਾਅਦਾ ਕੀਤਾ ਕਿ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨਾਂ (ਆਸ਼ਾ), ਆਂਗਣਵਾੜੀ ਵਰਕਰਾਂ ਅਤੇ ਮਿਡ-ਡੇਅ ਮੀਲ ਸਕੀਮਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਲਈ ਬਜਟ ਵਿਚ ਕੇਂਦਰ ਸਰਕਾਰ ਦਾ ਹਿੱਸਾ ਦੁੱਗਣਾ ਕੀਤਾ ਜਾਵੇਗਾ। ਇਹ ਵੀ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿਚ ਔਰਤਾਂ ਲਈ ਸਾਵਿਤਰੀਬਾਈ ਫੂਲੇ ਹੋਸਟਲ ਸਥਾਪਤ ਕੀਤੇ ਜਾਣਗੇ।
ਰਾਹੁਲ ਗਾਂਧੀ ਦੇ ਭਾਸ਼ਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਖੜਗੇ ਨੇ ਇਕ ਵੀਡੀਉ ਬਿਆਨ ‘ਚ ਕਿਹਾ ਸੀ ਕਿ ‘ਮਹਾਲਕਸ਼ਮੀ’ ਗਾਰੰਟੀ ਦੇ ਤਹਿਤ ਗਰੀਬ ਔਰਤਾਂ ਦੇ ਬੈਂਕ ਖਾਤਿਆਂ ‘ਚ ਸਾਲਾਨਾ ਇਕ ਲੱਖ ਰੁਪਏ ਜਮ੍ਹਾ ਕਰਵਾਏ ਜਾਣਗੇ।
ਉਨ੍ਹਾਂ ਕਿਹਾ,’ਅੱਧੀ ਆਬਾਦੀ ਪੂਰਾ ਹੱਕ’, ਜਿਸ ਦਾ ਮਤਲਬ ਹੈ ਕਿ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਨ ਦਿਤਾ ਜਾਵੇਗਾ। ਖੜਗੇ ਨੇ ਕਿਹਾ ਕਿ ਕਾਂਗਰਸ ਦੀ ਗਾਰੰਟੀ ‘ਪੱਥਰ ਦੀ ਲਕੀਰ’ ਹੈ ਅਤੇ ਇਸ ਵਿੱਚ ਕੋਈ ‘ਜੁਮਲਾ’ ਨਹੀਂ ਹੈ।