ਆਓ ! ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਰਬੱਤ ਦੇ ਭਲੇ ਲਈ ਅਰਜ਼ੋਈ ਕਰੀਏ
ਦੁਨੀਆ ਵਿੱਚ ਬੁਰੀ ਤਰ੍ਹਾਂ ਪੈਰ ਪਸਾਰ ਰਹੀ ਕੋਰੋਨਾ ਵਾਇਰਸ ( COVID – 19 ) ਦੀ ਮਹਾਂਮਾਰੀ ਨੇ ਵਿਸ਼ਵ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਅੱਜ ਲੋਕਾਂ ਨੂੰ ਉਸ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਸਾਹਮਣੇ ਨਜ਼ਰ ਨਹੀਂ ਆ ਰਿਹਾ ਪਰ ਮੌਤਾਂ ਦੇ ਰੂਪ ਵਿੱਚ ਵੱਧਦਾ ਹੀ ਜਾ ਰਿਹਾ ਹੈ ,ਇਸ ਸਮੇ ਖਤਰਨਾਕ ਮਹਾਂਮਾਰੀ ਨੇ ਇੱਕ ਲਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਖਾਂ ਹੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਬੜੀ ਤੇਜ਼ੀ ਨਾਲ ਲੈ ਰਹੀ ਹੈ |ਅਜਿਹੇ ਦੁਸ਼ਮਣ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੀ ਕਾਟ ਲਈ ਹਾਲੇ ਤੱਕ ਕੋਈ ਦਵਾਈ ਨਹੀਂ ਆ ਸਕੀ | ਬਹੁਤੇ ਵੱਡੇ ਮੁਲਕ ਜਿਨ੍ਹਾਂ ਤੋਂ ਬਾਕੀ ਦੁਨੀਆਂ ਵੀ ਸਹਿਮਦੀ ਹੈ ਕੋਲ ਵੀ ਇਸ ਤਬਾਹੀ ਤੋਂ ਬਚਣ ਲਈ ਕੋਈ ਰਸਤਾ ਨਹੀਂ ਹੈ ਸਵਾਏ ਇਕਾਂਤਵਾਸ ਦੇ | ਜਦੋ ਇਨਸਾਨ ਦੇ ਯਤਨ ਵਿਅਰਥ ਹੋ ਜਾਣ ਉਸ ਵੇਲੇ ਸਿਰਫ ਇਸ ਦੁਨੀਆਂ ਦੇ ਸਿਰਜਣਹਾਰ ਅਕਾਲ ਪੁਰਖ ਤੇ ਹੀ ਟੇਕ ਬਾਕੀ ਰਹਿ ਜਾਂਦੀ ਹੈ |
ਭਾਰਤ ਵਿੱਚ 130 ਕਰੋੜ ਦੀ ਅਬਾਦੀ ਦੀ ਸੁਰਖਿਆ ਵਾਸਤੇ ਚੁੱਕੇ ਕਦਮ ਤਾਲਾਬੰਦੀ ਅਤੇ ਕਰਫਿਊ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਹੋਇਆ ਹੈ | ਅੱਜ ਸਰਕਾਰਾਂ ਕਿਸੇ ਅੰਦੋਲਨ ਨੂੰ ਦਬਾਉਣ ਵਾਸਤੇ ਤਾਲਾਬੰਦੀ ਜਾਂ ਕਰਫਿਊ ਨਹੀਂ ਲਾ ਰਹੀਆਂ ਜਿਸ ਦਾ ਕੋਈ ਵਿਰੋਧ ਹੋਵੇ | ਇਹ ਪਾਬੰਦੀਆਂ ਤਾ ਜਨਤਾ ਦੀ ਜਾਨ ਬਚਾਉਣ ਲਈ ਲਾਈਆਂ ਗਈਆਂ ਹਨ | ਅਦ੍ਰਿਸ਼ ਵਸ਼ਾਣੂਆਂ ਦੀ ਮਾਰ ਵਿੱਚ ਆਉਣ ਵਾਲੇ ਅਨਭੋਲ ਲੋਕਾਂ ਦੀ ਸੰਭਾਲ ਕਰਨ ਦਾ ਵੇਲਾ ਹੈ , ਧੰਨ ਹਨ ਉਹ ਡਾਕਟਰ ,ਨਰਸਾ , ਪੁਲਿਸ ਜਵਾਨ, ਡਿਊਟੀਆਂ ਦੇ ਰਹੇ ਸਰਕਾਰੀ ਅਧਿਕਾਰੀ ਅਤੇ ਗੈਰ ਸਰਕਾਰੀ ਵਲੰਟੀਅਰ ਅਤੇ ਸੰਸਥਾਵਾਂ ਜਿਹੜੇ ਆਪੋ-ਆਪਣੇ ਪਰਿਵਾਰ ਛੱਡ ਕੇ ,ਖਤਰੇ ਵਿੱਚ ਪਾ ਕੇ ਲੋਕਾਂ ਨੂੰ ਬਚਾਉਣ ਦਾ ਹੀਲਾ-ਵਸੀਲਾ ਕਰ ਰਹੇ ਹਨ ਪਰ ਜਿਨ੍ਹਾਂ ਲਈ ਕਰ ਰਹੇ ਹਨ ਕੀ ਉਹ ਵੀ ਆਪਣਾ ਫਰਜ਼ ਨਿਭਾ ਰਹੇ ਹਨ ? ਇਹ ਇੱਕ ਗੰਭੀਰ ਸਵਾਲ ਹੈ ! ਲੋੜਵੰਦਾਂ ਨੂੰ ਲੰਗਰ ਤੇ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ ਪਰ ਬਹੁਤੇ ਲੌਕ ਇਸ ਸੇਵਾ ਨੂੰ ਅਹਿਸਾਨ ਵੀ ਨਹੀਂ ਸਮਝ ਰਹੇ | ਇਸ ਵੇਲੇ ਗੰਭੀਰ ਸਥਿਤੀ ਨੂੰ ਸਮਝਣ ਦੀ ਲੋੜ ਹੈ ਆਪ ਅਤੇ ਆਪਣੇ ਪਰਿਵਾਰ ਨੂੰ ਬਚਾਅ ਲਵਾਂਗੇ ਇਹ ਹੀ ਸਾਡੀ ਸਾਰਿਆਂ ਦੀ ਅਹਿਮ ਪ੍ਰਾਪਤੀ ਹੋਵੇਗੀ |
ਇਕਾਂਤਵਾਸ ਦੇ ਸਮੇ ਦੌਰਾਨ ਭਟਕਣ ਦੀ ਥਾਂ ਆਪਣੇ ਪਰਮਾਤਮਾ ਨਾਲ ਜੁੜੀਏ , ਜਿਸ ਧਰਮ ਵਿੱਚ ਵਿਸਵਾਸ਼ ਰੱਖਦੇ ਹੋ ਉਸ ਅਗੇ ਜੋਦੜੀ ਕਰੋ | ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਘਰਾਂ ਵਿੱਚ ਬੈਠ ਕੇ ਗੁਰਬਾਣੀ ਨਾਲ ਜੁੜਣ ਅਤੇ ਸਰਬਤ ਦੇ ਭਲੇ ਲਈ ਅਰਦਾਸ ਬੇਨਤੀਆਂ ਕਰਨ ਲਈ ਕਿਹਾ ਗਿਆ ਹੈ | ਨਿਤਨੇਮ , ਸ਼੍ਰੀ ਸੁਖਮਨੀ ਸਾਹਿਬ ਦੇ ਪਾਠ , ਗੁਰੂ ਗਰੰਥ ਸਾਹਿਬ ਦੀ ਰੱਬੀ ਬਾਣੀ ਦੇ ਸਹਿਜ ਪਾਠ ਕਰੋ ਜੇ ਕੁਝ ਨਹੀਂ ਕਰ ਸਕਦੇ ਤਾ ਜਪ ਜੀ ਸਾਹਿਬ ਦੇ ਮੂਲ ਮੰਤਰ ਦਾ ਪਾਠ ਹੀ ਕਰ ਲਵੋ , ਸ਼੍ਰੀ ਹਰਿਮੰਦਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਮਨੋਹਰ ਕੀਰਤਨ ਨੂੰ ਸਰਵਣ ਕਰੋ ,ਮਨ ਨੂੰ ਧਰਵਾਸ ਮਿਲੇਗਾ | ਤੁਸੀਂ ਜਦੋ ਉਸ ਅਕਾਲ ਪੁਰਖ ਅਗੇ ਸਰਬਤ ਦੇ ਭਲੇ ਦੀ ਅਰਦਾਸ ਕਰੋਗੇ ਤਾ ਜਰੂਰ ਅਰਜ਼ੋਈ ਸੁਣੀ ਜਾਵੇਗੀ | ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂ ਨਾਲ ਜੁੜੀਏ ਅਤੇ ਸੁੱਖ-ਸ਼ਾਂਤੀ ਅਤੇ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਸਰਬੱਤ ਦਾ ਭਲਾ ਮੰਗੀਏ | — ਮਨਜੀਤ ਸਿੰਘ ਖਾਲਸਾ
——————————————————————————————————————————————–
ਸਾਡੇ ਇੱਕ ਸਤਿਕਾਰਤ ਮਿੱਤਰ ਨੇ ਚੰਡੀਗੜ੍ਹ ਤੋਂ ਅਜਿਹੀ ਇੱਕ ਤਸਵੀਰ ਭੇਜੀ ਹੈ ਜੋ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ ! — ਧੰਨਵਾਦ ਜੀ ————— —————————————————————————