ਸੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿੱਚ ਗੋਲੀ ਨਾਲ ਹੋਈ ਮੌਤ ਦੀ ਚਰਚਾ
ਚੰਡੀਗੜ੍ਹ : 2 ਮਾਰਚ 2024
ਦਿੱਲੀ ਕੂਚ ਕਰਦੇ ਸਮੇਂ ਖਨੌਰੀ ਸਰਹੱਦ ’ਤੇ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ 21 ਫ਼ਰਵਰੀ ਨੂੰ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ 28 ਫ਼ਰਵਰੀ ਦੇਰ ਰਾਤ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਕਤਲ ਦਾ ਕੇਸ ਦਰਜ ਕੀਤਾ ਸੀ ਅਤੇ ਇਸ ਤੋਂ ਬਾਅਦ ਕੀਤੇ ਪੋਸਟਮਾਰਟਮ ਦੀ ਰਿਪੋਰਟ ਵੀ ਹੁਣ ਚਰਚਾ ’ਚ ਆ ਰਹੀ ਹੈ।
ਅਧਿਕਾਰਤ ਤੌਰ ’ਤੇ ਹਾਲੇ ਇਹ ਰਿਪੋਰਟ ਜਾਰੀ ਨਹੀਂ ਹੋਈ ਪਰ ਸੂਤਰਾਂ ਦੀ ਰਿਪੋਰਟ ਅਨੁਸਾਰ ਬੰਦੂਕ ਦੀ ਗੋਲੀ ਨਾਲ ਉਸ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਸ਼ੁਭਕਰਨ ਦੇ ਸਿਰ ਵਿਚ ਬਾਹਰੀ ਤੱਤ ਵੀ ਪਾਏ ਗਏ ਸਨ। ਪੋਸਟਮਾਰਟਮ ਤੋਂ ਪਹਿਲਾਂ ਸ਼ੁਭਕਰਨ ਸਿੰਘ ਦਾ ਸੀਟੀ ਸਕੈਨ ਵੀ ਕੀਤਾ ਗਿਆ ਸੀ, ਜਿਸ ਵਿਚ ਉਸ ਦੇ ਸਿਰ ਵਿਚ ਛਰੇ ਵੀ ਪਾਏ ਗਏ ਹਨ। ਪਿਛਲੇ ਹਫ਼ਤੇ ਪਟਿਆਲਾ ਦੇ ਹਸਪਤਾਲਾਂ ਤੋਂ ਜਾਰੀ ਕੀਤੀਆਂ ਮੈਡੀਕਲ ਕਾਨੂੰਨੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪੁਲਿਸ ਕਾਰਵਾਈ ਵਿਚ ਜ਼ਖ਼ਮੀ ਹੋਏ ਕਈ ਪ੍ਰਦਰਸ਼ਨਕਾਰੀਆਂ ਦੇ ਸਰੀਰ ਦੇ ਉੱਪਰਲੇ ਹਿੱਸੇ ’ਤੇ ਛਰਿਆਂ ਦੇ ਜ਼ਖ਼ਮ ਮਿਲੇ ਹਨ।
ਬੁਧਵਾਰ ਨੂੰ ਕੀਤੀ ਗਈ ਜਾਂਚ ਵਿਚ ਸਿਰ ਦੇ ਪਿਛਲੇ ਹਿੱਸੇ ’ਤੇ ਸੱਟ ਦਾ ਨਿਸ਼ਾਨ ਮਿਲਿਆ ਤੇ ਇਹ ਵੀ ਸਾਹਮਣੇ ਆਇਆ ਕਿ ਉਸ ਦੇ ਸਰੀਰ ਦੇ ਕਿਸੇ ਹੋਰ ਹਿੱਸੇ ’ਤੇ ਸੱਟ ਦੇ ਨਿਸ਼ਾਨ ਨਹੀਂ ਸਨ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਦਸਿਆ ਕਿ ਉਨ੍ਹਾਂ ਨੇ ਆਪਣੀ ਰਿਪੋਰਟ ਪਟਿਆਲਾ ਪੁਲਿਸ ਨੂੰ ਸੌਂਪ ਦਿਤੀ ਹੈ ਪਰ ਜ਼ਿਆਦਾ ਵੇਰਵੇ ਨਹੀਂ ਦਿਤੇ ਜਾ ਰਹੀ।ਇਸ ਦਾ ਕਾਰਨ ਦਸਿਆ ਜਾ ਰਿਹਾ ਹੈ ਕਿ ਇਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ।