ਜਾਅਲੀ ਵਿਦਿਅਕ ਦਸਤਾਵੇਜ਼ ਵਾਲੇ 100 ਤੋਂ ਵੱਧ ਫਾਰਮਾਸਿਸਟਾਂ ਦੀਆਂ ਰਜਿਸਟਰੇਸ਼ਨਾਂ ਰੱਦ
ਪੰਜਾਬ 24 ਫ਼ਰਵਰੀ 2024
ਪੰਜਾਬ ਕੌਂਸਲ ਨੇ ਡਿਪਲੋਮਾ ਹਾਸਲ ਕਰਨ ਲਈ ਜਾਅਲੀ ਵਿਦਿਅਕ ਦਸਤਾਵੇਜ਼ ਪੇਸ਼ ਕਰਨ ਵਾਲੇ 100 ਫਾਰਮਾਸਿਸਟਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਕਰ ਦਿਤੀਆਂ ਹਨ। ਕੌਂਸਲ ਨੇ ਧੋਖਾਧੜੀ ਕਰਨ ਵਾਲੇ ਫਾਰਮਾਸਿਸਟਾਂ ਦੇ ਵੇਰਵੇ ਜ਼ਿਲ੍ਹੇ ਦੀ ਪੁਲਿਸ ਨੂੰ ਸੌਂਪ ਦਿਤੇ ਹਨ।ਕੌਂਸਲ ਨੇ ਪੰਜਾਬ ਪੁਲਿਸ ਨੂੰ ਜਾਅਲੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਫਾਰਮੇਸੀ ਕਾਲਜਾਂ ਨਾਲ ਮਿਲੀਭੁਗਤ ਕਰਕੇ ਡਿਪਲੋਮੇ ਹਾਸਲ ਕਰਨ ਵਾਲਿਆਂ ਵਿਰੁਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਡੀ-ਫਾਰਮੇਸੀ ਘੁਟਾਲੇ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਸੈਂਕੜੇ ਫਾਰਮਾਸਿਸਟਾਂ ਦੇ ਦਸਤਾਵੇਜ਼ਾਂ ਵਿਚ ਬੇਨਿਯਮੀਆਂ ਪਾਈਆਂ ਗਈਆਂ ਹਨ।
ਰਜਿਸਟ੍ਰੇਸ਼ਨ ਪ੍ਰਕਿਰਿਆ ’ਤੇ ਨਜ਼ਰ
ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਰਜਿਸਟਰਾਰ ਡਾ. ਜਸਬੀਰ ਸਿੰਘ ਦਾ ਕਹਿਣਾ ਹੈ ਕਿ ਡੀ ਫਾਰਮੇਸੀ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਰਾਜ ਫਾਰਮੇਸੀ ਕੌਂਸਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸਖ਼ਤੀ ਨਾਲ ਨਿਗਰਾਨੀ ਕਰੇਗੀ।ਬੇਨਿਯਮੀਆਂ ਨੂੰ ਰੋਕਣ ਲਈ ਕੌਂਸਲ ਨੇ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿਤਾ ਹੈ। ਕੌਂਸਲ ਨੇ ਅਜਿਹੇ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿਤੀ ਹੈ ਜਿਨ੍ਹਾਂ ਦੇ ਵਿਦਿਅਕ ਦਸਤਾਵੇਜ਼ ਹੁਣ ਤਕ ਦੀ ਜਾਂਚ ਵਿਚ ਜਾਅਲੀ ਪਾਏ ਗਏ ਸਨ। ਬਾਕੀ ਦੇ ਫਾਰਮਾਸਿਸਟਾਂ ਦੇ ਵਿਦਿਅਕ ਸਰਟੀਫਿਕੇਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਕਾਲਜ ਸਟਾਫ਼ ਤੋਂ ਵੀ ਪੁੱਛਗਿੱਛ ਜਾਰੀ
5 ਤੋਂ 10 ਫ਼ੀ ਸਦੀ ਫਾਰਮਾਸਿਸਟ ਅਜਿਹੇ ਹਨ, ਜਿਨ੍ਹਾਂ ਨੇ ਅਪਣੇ ਜਾਅਲੀ ਦਸਤਾਵੇਜ਼ਾਂ ਬਾਰੇ ਕੌਂਸਲ ਨੂੰ ਖੁਦ ਜਾਣੂ ਕਰਵਾ ਕੇ ਅਪਣੀ ਰਜਿਸਟ੍ਰੇਸ਼ਨ ਰੱਦ ਕਰਵਾਉਣ ਲਈ ਕਿਹਾ ਹੈ ਤਾਂ ਜੋ ਉਹ ਕਾਨੂੰਨੀ ਕਾਰਵਾਈ ਤੋਂ ਬਚ ਸਕਣ। ਪੰਜਾਬ ਵਿਚ ਡੀ ਫਾਰਮੇਸੀ ਪ੍ਰਦਾਨ ਕਰਨ ਵਾਲੇ 100 ਤੋਂ ਵੱਧ ਪ੍ਰਾਈਵੇਟ ਅਦਾਰੇ ਹਨ ਜਦਕਿ 6 ਸਰਕਾਰੀ ਅਦਾਰੇ ਹਨ। ਜਾਅਲੀ ਦਸਤਾਵੇਜ਼ਾਂ ਨਾਲ ਕਾਲਜ ਸਟਾਫ਼ ਦਾ ਕੀ ਸਬੰਧ ਹੈ ਅਤੇ ਕਾਲਜ ਅਤੇ ਗਰੋਹ ਦੇ ਮੈਂਬਰਾਂ ਨੇ ਕਿਸ ਢੰਗ ਨਾਲ ਕੰਮ ਕੀਤਾ, ਇਨ੍ਹਾਂ ਸਾਰੀਆਂ ਗੱਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਵਿਜੀਲੈਂਸ ਬਿਊਰੋ ਨੇ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਬਠਿੰਡਾ ਦੇ ਅਧਿਕਾਰੀਆਂ ਨੂੰ ਫਰਜ਼ੀ ਡੀ ਫਾਰਮੇਸੀ ਡਿਪਲੋਮੇ ਜਾਰੀ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਬਿਊਰੋ ਨੇ ਕਈ ਕੈਮਿਸਟਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਬਿਊਰੋ ਦਸੰਬਰ ਮਹੀਨੇ ਤੋਂ ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਕਰ ਰਿਹਾ ਹੈ।
ਪੰਜਾਬ ਰਾਜ ਫਾਰਮੇਸੀ ਕੌਂਸਲ ਨੇ ਸਾਲ 1952 ਤੋਂ ਸਾਲ 2024 ਦਰਮਿਆਨ 60,000 ਫਾਰਮਾਸਿਸਟ ਰਜਿਸਟਰ ਕੀਤੇ ਹਨ। ਇਨ੍ਹਾਂ ਵਿਚੋਂ ਕੌਂਸਲ 40 ਹਜ਼ਾਰ ਫਾਰਮਾਸਿਸਟਾਂ ਦੇ ਵਿਦਿਅਕ ਦਸਤਾਵੇਜ਼ਾਂ ਦੀ ਮੁੜ ਜਾਂਚ ਕਰ ਰਹੀ ਹੈ। ਜਾਅਲੀ ਸਰਟੀਫਿਕੇਟ ਪੇਸ਼ ਕਰਨ ਵਾਲਿਆਂ ਨੇ ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਦੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਸਨ।