ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਵਾਇਰਲ ਹੋਈ ਆਡੀਓ
ਚੰਡੀਗੜ੍ਹ 19 ਫ਼ਰਵਰੀ 2024
ਆਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ’ਚ ਬੰਦ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇਕ ਕਥਿਤ ਆਡੀਓ ਵਾਇਰਲ ਹੋਈ ਹੈ ਜਿਸ ਵਿਚ ਉਸ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਮਰੇ ਅਤੇ ਬਾਥਰੂਮ ’ਚ ਗੁਪਤ ਕੈਮਰੇ ਬਲਬ ਹੋਲਡਰ ’ਚ ਲਗਾਏ ਗਏ ਹਨ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ’ਤੇ ਮੋਬਾਈਲ ਮਿਲਣ ਦਾ ਝੂਠਾ ਪਰਚਾ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਨੂੰ ਖਾਣੇ ’ਚ ਵੀ ਕੁੱਝ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਕਦੇ ਵੀ ਮੌਤ ਤੋਂ ਨਹੀਂ ਡਰਦੇ। ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ 4 ਦਿਨਾਂ ਤੋਂ ਜੇਲ੍ਹ ’ਚ 4-5 ਸਿੰਘਾਂ ਨੇ ਅੰਨ-ਜਲ ਛੱਡਿਆ ਹੋਇਆ ਹੈ। ਜੇਕਰ ਕਿਸੇ ਸਿੰਘ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਦੇਹ ਨੂੰ ਪੰਜਾਬ ਲਿਆ ਕੇ ਉਸ ਦਾ ਸਸਕਾਰ ਕੀਤਾ ਜਾਵੇ। ਉਸ ਨੇ ਕਿਹਾ ਕਿ ਹੁਣ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਾਂ ਤਾਂ ਹੁਣ ਉਸ ਨੂੰ ਤੇ ਹੋਰ ਸਿੰਘਾਂ ਨੂੰ ਹੁਣ ਪੰਜਾਬ ਲਿਗਾਇਆ ਜਾਵੇਗਾ ਜਾਂ ਫਿਰ ਸਾਡੀਆਂ ਲਾਸ਼ਾਂ ਹੀ ਹੁਣ ਪੰਜਾਬ ਜਾਣਗੀਆਂ। ਅੰਮ੍ਰਿਤਪਾਲ ਨੇ ਦੋਸ਼ ਲਗਾਇਆ ਕਿ ਉਸ ਦੇ ਜੇਲ੍ਹ ਵਿਚੋਂ ਕੋਈ ਇਤਰਾਜ਼ਯੋਗ ਸਮਾਨ ਬਰਾਮਦ ਨਹੀਂ ਹੋਇਆ ਹੈ, ਪੁਲਸ ਨੇ ਉਸ ਨੂੰ ਫਸਾਉਣ ਲਈ ਇਹ ਸਭ ਕੁੱਝ ਕੀਤਾ ਹੈ।
ਇਸ ਤੋਂ ਪਹਿਲਾਂ ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੁਰੱਖਿਆ ਦੀ ਵੱਡੀ ਉਲੰਘਣਾ ਹੋਣ ਦੀ ਸੂਚਨਾ ਮਿਲੀ ਸੀ । ਦਰਅਸਲ ਪੁਲਸ ਨੇ ਦਾਅਵਾ ਕੀਤਾ ਸੀ ਕਿ ਅੰਮ੍ਰਿਤਪਾਲ ਸਿੰਘ ਦੀ ਬੈਰਕ ’ਚੋਂ ਸ਼ਨੀਵਾਰ ਇਕ ਜਾਸੂਸੀ ਕੈਮਰਾ, ਇਕ ਸਮਾਰਟ ਫ਼ੋਨ, ਇਕ ਕੀ-ਪੈਡ ਫ਼ੋਨ, ਪੈੱਨ ਡਰਾਈਵ, ਬਲਿਊਟੁੱਥ ਹੈੱਡਫ਼ੋਨ, ਸਪੀਕਰ, ਇਕ ਸਮਾਰਟ-ਵਾਚ ਅਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ ਸਨ। ਗੈਰ-ਕਾਨੂਨੀ ਸਰਗਰਮੀਆਂ ਦੀ ਪੁਸ਼ਟੀ ਹੋਣ ’ਤੇ ਜੇਲ੍ਹ ਸਟਾਫ ਨੇ ਸ਼ਨੀਵਾਰ ਸਵੇਰੇ ਐੱਨ. ਐੱਸ. ਏ. ਸੈੱਲ ਦੇ ਕੰਪਲੈਕਸ ਦੀ ਤਲਾਸ਼ੀ ਲਈ ਸੀ । ਇਸ ਦੌਰਾਨ ਸਿਮ ਵਾਲਾ ਇਕ ਸਮਾਰਟ ਫੋਨ, ਇਕ ਕੀ-ਪੈਡ ਫੋਨ, ਕੀ-ਬੋਰਡ ਵਾਲਾ ਟੀ.ਵੀ. ਰਿਮੋਟ, ਜਾਸੂਸੀ-ਕੈਮ ਪੈੱਨ, ਪੈਨ ਡਰਾਈਵ, ਬਲਿਊਟੁੱਥ ਹੈੱਡਫੋਨ, ਸਪੀਕਰ ਅਤੇ ਇਕ ਸਮਾਰਟ ਘੜੀ ਨੂੰ ਜੇਲ੍ਹ ਸਟਾਫ਼ ਨੇ ਜ਼ਬਤ ਕਰ ਲਿਆ ਸੀ। ਇਨ੍ਹਾਂ ਅਣਅਧਿਕਾਰਤ ਵਸਤੂਆਂ ਨੂੰ ਇੱਥੇ ਪਹੁੰਚਾਉਣ ਵਾਲੇ ਸੋਮਿਆਂ ਅਤੇ ਢੰਗ ਦਾ ਪਤਾ ਲਾਇਆ ਜਾ ਰਿਹਾ ਹੈ