ਪਟਿਆਲਾ ‘ਚ ਪੁਲਿਸ ਮੁਲਾਜ਼ਮ ਦੀ ਸ਼ਰਮਨਾਕ ਹਰਕਤ, ਬਜ਼ੁਰਗ ‘ਤੇ ਕੀਤਾ ਲਾਠੀਚਾਰਜ
ਪੰਜਾਬ ਦੇ ਪਟਿਆਲਾ ਤੋਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪੁਲਿਸ ਮੁਲਾਜ਼ਮ ਇੱਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਟਿਆਲਾ ਰੇਲਵੇ ਸਟੇਸ਼ਨ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਦੀ ਦੱਸੀ ਜਾ ਰਹੀ ਹੈ।
ਵਾਇਰਲ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਸ ਮੁਲਾਜ਼ਮ ਬਜ਼ੁਰਗ ਵਿਅਕਤੀ ਨੂੰ ਡੰਡੇ ਨਾਲ ਕੁੱਟ ਰਿਹਾ ਹੈ, ਜਦੋਂ ਨੇੜੇ-ਤੇੜੇ ਲੋਕ ਉਸ ਨੂੰ ਬਚਾਉਣ ਲਈ ਆਏ ਤਾਂ ਪੁਲਿਸ ਮੁਲਾਜ਼ਮ ਬਜ਼ੁਰਗ ਨੂੰ ਕੁੱਟਦੇ ਹੋਏ ਨਜ਼ਰ ਆ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਨੇ ਇਸੇ ਕਾਰਨ ਬਜ਼ੁਰਗ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਿਉਂਕਿ ਉਸਨੇ ਪੁਲਿਸ ਵਾਲੇ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜਿਸ ਕਾਰਨ ਪੁਲਿਸ ਮੁਲਾਜ਼ਮ ਗੁੱਸੇ ‘ਚ ਆ ਗਿਆ ਅਤੇ ਉਸ ਨੇ ਬਜ਼ੁਰਗ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੋਸ਼ੀ ਪੁਲਿਸ ਮੁਲਾਜ਼ਮ ਸ਼ਹਿਰ ਦੇ ਅਨਾਜ ਮੰਡੀ ਥਾਣੇ ਵਿੱਚ ਤਾਇਨਾਤ ਹੈ। ਬਜ਼ੁਰਗ ਦੀ ਪਛਾਣ ਬਲਵੀਰ ਸਿੰਘ ਵਾਸੀ ਪਿੰਡ ਰਾਜਗੜ੍ਹ ਵਜੋਂ ਹੋਈ ਹੈ। ਜੋ ਹੁਣ ਪਟਿਆਲਾ ਸ਼ਹਿਰ ਦੇ ਆਨੰਦ ਨਗਰ ਬੀ. ਵਿਚ ਰਹਿੰਦਾ ਹੈ।
ਇਸ ਵਾਇਰਲ ਵੀਡੀਓ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਪਟਿਆਲਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਸਿਰਫ਼ ਇਸ ਲਈ ਕੁੱਟ ਰਿਹਾ ਹੈ ਕਿਉਂਕਿ ਉਸਨੇ ਪੁਲਿਸ ਮੁਲਾਜ਼ਮ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਰੋਕਿਆ ਸੀ। ਮੈਂ ਮੰਗ ਕਰਦਾ ਹਾਂ ਕਿ ਇਸ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਰਦੀ ਦੀ ਆੜ ਵਿਚ ਆਮ ਲੋਕਾਂ ‘ਤੇ ਅੱਤਿਆਚਾਰ ਕਰਨ ਦੀ ਗਲਤੀ ਨਾ ਕਰੇ।