ਕੈਨੇਡਾ ਗਏ ਸ਼ੰਭੂ ਖ਼ੁਰਦ ਦੇ 19 ਸਾਲਾ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਹਲਕਾ ਘਨੌਰ ਦੇ ਪਿੰਡ ਸ਼ੰਭੂ ਖ਼ੁਰਦ ਦੇ ਇੱਕ 19 ਸਾਲਾ ਨੌਜਵਾਨ ਮਨਜੋਤ ਸਿੰਘ ਦੀ ਵਿਦੇਸ਼ ’ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਮਨਜੋਤ 7 ਅਗਸਤ ਨੂੰ ਕੈਨੇਡਾ ਦੇ ਸਰੀ ’ਚ ਪੜ੍ਹਾਈ ਦੇ ਲਈ ਗਿਆ ਸੀ ਅਤੇ ਸੋਮਵਾਰ ਨੂੰ ਸਵੇਰੇ ਜਦੋਂ ਕਾਲਜ ’ਚ ਪਹਿਲੇ ਦਿਨ ਦੀ ਕਲਾਸ ਲਈ ਪਹੁੰਚਿਆ ਤਾਂ ਕਾਲਜ ਦੇ ਬਾਥਰੂਮ ’ਚ ਹਾਰਟ ਅਟੈਕ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਮਨਜੋਤ ਸਿੰਘ ਤੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਭਤੀਜੇ ਅਮਨਦੀਪ ਸਿੰਘ ਜੋ ਕੈਨੇਡਾ ’ਚ ਹੀ ਰਹਿੰਦਾ ਹੈ, ਨੂੰ ਕੈਨੇਡਾ ਪੁਲਿਸ ਦਾ ਫੋਨ ਆਇਆ ਕਿ ਮਨਜੋਤ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਪੁਲਿਸ ਵੱਲੋਂ ਮਨਜੋਤ ਸਿੰਘ ਦੀ ਲਾਸ਼ ਉਸ ਦੇ ਭਰਾ ਨੂੰ ਦਿਖਾਈ ਜਾਵੇਗੀ। ਮਨਜੋਤ ਦੀ ਲਾਸ਼ ਪੰਜਾਬ ਲੈ ਕੇ ਆਉਣ ਲਈ 18 ਤੋਂ 20 ਲੱਖ ਰੁਪਏ ਲੱਗਣਗੇ। ਉਹ ਮੱਧ ਵਰਗੀ ਪਰਿਵਾਰ ਵਿੱਚੋਂ ਹਨ। ਪਹਿਲਾਂ ਹੀ ਲੱਖਾਂ ਰੁਪਏ ਦੇ ਕਰਜ਼ ਲੈ ਕੇ ਬੇਟੇ ਨੂੰ ਪੜ੍ਹਾਈ ਦੇ ਲਈ ਬਾਹਰ ਭੇਜਿਆ ਸੀ ਅਤੇ ਹੁਣ ਉਸ ਦੀ ਲਾਸ਼ ਵਾਪਸ ਲੈ ਕੇ ਆਉਣ ਲਈ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਹਨ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ, ਪੰਜਾਬ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੇਟੇ ਦੀ ਲਾਸ਼ ਕਨੇਡਾ ਤੋਂ ਪੰਜਾਬ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।