“ਅੱਖਰ ਅੱਖਰ” – ਪੰਜਾਬੀ ਗ਼ਜ਼ਲ ਦਾ ਸੁਨਹਿਰੀ ਗੁੰਬਦ ਗੁਰਭਜਨ ਸਿੰਘ ਗਿੱਲ ਦਾ ਗ਼ਜ਼ਲ ਸੰਗ੍ਰਹਿ ” ਅੱਖਰ ਅੱਖਰ  “

ਨਿਊਜ਼ ਪੰਜਾਬ

ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ। 

ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। 

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, 

ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। 

(ਅੱਖਰ ਅੱਖਰ ਪੰਨਾ -77)

 

▪️ਸੁਲੱਖਣ ਸਿੰਘ ਸਰਹੱਦੀ     

ਪੰਜਾਬੀ ਗਜ਼ਲ ਨੇ ਸਾਢੇ ਤਿੰਨ ਸੌ ਸਾਲ ਦਾ ਐਸਾ ਸ਼ਾਨਾਮੱਤਾ ਸਫ਼ਰ ਕਰ ਲਿਆ ਹੈ ਕਿ ਇਸ ਦੇ ਸਮਾਜਿਕ ਸ਼ਊਰ ਦੇ ਗੁੰਬਦ ਹੁਣ ਧਾਰਮਿਕ ਅਕੀਦਤ ਵਿੱਚ ਮਾਣਤ ਹੋ ਰਹੇ ਹਨ। ਗ਼ਜ਼ਲ ਦੇ ਆਮ ਇਤਿਹਾਸਕਾਰ ਗ਼ਜ਼ਲ ਅਰਬੀ ਫ਼ਾਰਸੀ ਤੇ ਫਿਰ ਉਰਦੂ ਦੀ ਜਾਈ ਕਹਿੰਦੇ ਰਹੇ ਹਨ ਪਰ ਬਨਸਪਤੀ ਮਾਹਿਰ ਸਮਝਦੇ ਹਨ ਕਿ ਭਾਵੇਂ ਬੀਜ ਦਾ ਵੀ ਮਹੱਤਵ ਜ਼ਰੂਰ ਹੁੰਦਾ ਹੈ ਪਰ ਉਸ ਬੀਜ ਲਈ ਫ਼ਲ ਦੇਣ ਲਈ ਅਗਲੀ ਧਰਤ ਦਾ ਪੌਣ ਪਾਣੀ ਅਤੇ ਜਣਨ ਕਿਰਿਆ ਦਾ ਵੀ ਵਿਸ਼ੇਸ਼ ਸਥਾਨ ਹੁੰਦਾ ਹੈ। ਗ਼ਜ਼ਲ ਦਾ ਬੀਜ ਕਦੇ ਪੰਜਾਬੀ ਗ਼ਜ਼ਲ ਦੀ ਗੁੰਬਦ ਪ੍ਰਕਿਰਿਆ ਤੱਕ ਨਾ ਪਹੁੰਚਦਾ ਜੇਕਰ ਪੰਜਾਬੀ ਕਾਵਿ ਵਿਚ ਰਿਗ ਵੈਦਿਕ ਰਿਚਾਵਾਂ, ਬੁੱਧ ਧਰਮ ਦਾ ਸਾਹਿਤ ਧਰਮ, ਪੰਜਾਬੀ ਲੋਕ ਗੀਤਕ ਸੁਰ, ਬਾਬਾ ਫ਼ਰੀਦ ਦੇ ਸ਼ਲੋਕਾਂ ਦੀ ਉਪਜਾਊ ਜਰਖੇਜ਼ ਜ਼ਮੀਨ ਨਾ ਹੁੰਦੀ। ਪੰਜਾਬੀਆਂ ਦੀ ਸੁਰ-ਲਹਿਰੀ ਵਿਚ ਸ਼ਿਅਰਕਾਰੀ ਸਦੀਆਂ ਤੋਂ ਹਵਾ ‘ਚ ਘੁਲ਼ੀ ਮਹਿਕ ਵਾਂਗ ਪੇਸ਼ ਪੇਸ਼ ਸੀ। ਸੋਲਵੀਂ ਸਦੀ ਦੇ ਜਗਤ ਪ੍ਰਸਿੱਧ ਵਰਤਾਰੇ ਨੂੰ ‘ਮਨਸੂਰ ਅਤੇ ਸ਼ਿਬਲੀ’ ਦੇ ਲੰਮੇ ਚੌੜੇ ਇਤਿਹਾਸਕ ਵਰਤਾਰੇ ਨੂੰ ਪੰਜਾਬੀ ਸ਼ਿਅਰ ਵਿੱਚ ਹੀ ਕਿਸ ਸਲੀਕੇ ਨਾਲ ਦਿਲ ਵਿੰਨਵੀਂ ਪੇਸ਼ਕਾਰੀ ਕਰ ਜਾਂਦੇ ਨੇ ਇਸ ਦੀ ਮਿਸਾਲ ਕੁੱਲ ਅਰਬ ਫਾਰਸ ਦੇ ਸਾਹਿਤ ਵਿੱਚ ਨਹੀਂ ਮਿਲਦੀ ਪਰ ਤੁਸੀਂ ਇਸ ਗੀਤ ਦਾ ਮੁੱਖੜਾ ਰੂਪੀ ਸ਼ਿਅਰ ਵੀ ਸੁਣ ਲਓ:

ਗੈਰਾਂ ਦਿਆਂ ਵੱਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ।

ਸੱਜਣਾਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤਕ ਰੋਈ।

ਹੈ ਕਿਸੇ ਭਾਸ਼ਾ ਵਿੱਚ ਐਸਾ ਸ਼ਿਅਰ ? ਐਸੀ ਸ਼ਿਅਰਕਾਰੀ ਪੰਜਾਬੀ ਹੀ ਕਰ ਸਕਦੇ ਨੇ। ਪੰਜਾਬੀ ਗ਼ਜ਼ਲ ਨੇ ਤਾਂ ਬਾਬਾ ਫ਼ਰੀਦ ਦੇ ਸਮਾਂ ਕਾਲ ਦੀ ਕੁੱਖ ਵਿੱਚੋਂ ਜਨਮ ਲੈ ਲਿਆ ਸੀ। ਪਾਕਿਸਤਾਨੀ ਗ਼ਜ਼ਲ ਵਿਦਵਾਨ ਹੁਣ ਵੀ ਬਾਬਾ ਫ਼ਰੀਦ ਨੂੰ ਹੀ ਪਹਿਲਾ ਪੰਜਾਬੀ ਗਜ਼ਲਕਾਰ ਮੰਨਦੇ ਹਨ।

ਪੰਜਾਬੀ ਗਜ਼ਲ ਨੇ ਵਿਸ਼ਾ ਵਸਤੂ ਦੇ ਤੌਰ ਉੱਤੇ ਅਰਬੀ ਫ਼ਾਰਸੀ ਤੋਂ ਕੁਝ ਨਹੀਂ ਲਿਆ ਬੱਸ ਰੂਪਕ ਪੱਖ ਤੋਂ ਬਾਹਰੀ ਢਾਂਚਾ ਫ਼ਾਰਸੀ ਤੋਂ ਲਿਆ। ਉਹ ਸ਼ਿਅਰ ਜਿਹੜੇ ਵੱਖ ਵੱਖ ਤੁਕਾਂਤ ਵਿੱਚ ਮਹਿਕਦੇ ਸਨ ਉਨ੍ਹਾਂ ਨੂੰ ਇਕ ਬਗ਼ੀਚੀ ਵਿੱਚ ਤੇ ਗ਼ਜ਼ਲ ਜ਼ਮੀਂ ਦੇ ਗੁਲਦਸਤੇ ਵਿੱਚ ਲੋਕ ਮਨਾਂ ਦੇ ਸ਼ੋਅ ਕੇਸ ਵਿੱਚ ਸਜਾ ਦਿੱਤਾ, ਵਰਨਾ ਪੰਜਾਬੀ ਦੀ ਗਜ਼ਲ ਸੰਸਾਰ ਦੀਆਂ ਕੁੱਲ ਭਾਸ਼ਾ ਦੀਆਂ ਗ਼ਜ਼ਲਾਂ ਦੀ ਸਿਰਜਣਾ ਵਿੱਚ ਸੁਨਹਿਰੀ ਗੁੰਬਦ ਕਿਵੇਂ ਬਣ ਜਾਂਦੀ।

ਸੰਸਾਰ ਦੀ ਇਮਾਰਤਸਾਜ਼ੀ ਵਿੱਚ ਕਾਰੀਗਰ ਲਗਾਤਾਰ ਕਲਾ ਦਾ ਪ੍ਰਦਰਸ਼ਨ ਕਰਦੇ ਆ ਰਹੇ ਸਨ। ਸੱਤਵੀਂ ਸਦੀ ਵਿੱਚ ਪ੍ਰਸਿੱਧ ਅਤੇ ਪਾਤਸ਼ਾਹੀ ਇਮਾਰਤਾਂ ਉੱਤੇ ਮੁੱਢਲੀ ਕਿਸਮ ਦੇ ਚਨੁਕਰੇ ਸਿਰ ਬਦਲੇ ਆਰੰਭ ਹੋਏ ਸਨ ਜਿਨ੍ਹਾਂ ਨੂੰ ਗੁੰਬਜ ਜਾਂ ਗੂੰਜ ਬਾਜ਼ ਸਮਝਿਆ ਜਾਂਦਾ ਸੀ। ਇਨ੍ਹਾਂ ਆਵਾਜ਼ਾਂ ਦੀ ਗੂੰਜ ਦੇ ਜਾਦੂ ਨੇ ਗੁੰਬਦਾਂ ਨੂੰ ਜਨਮ ਦਿੱਤਾ। ਕੁੱਲ ਸੰਸਾਰ ਉੱਤੇ ਵਿਸ਼ੇਸ਼ ਇਮਾਰਤਾਂ ਦੇ ਉੱਪਰ ਉਨ੍ਹਾਂ ਦੇ ਸਿਰ ਬਣਨ ਲੱਗੇ। ਧਾਰਮਕ ਅਤੇ ਬਾਦਸ਼ਾਹੀ ਮਹਿਲਾਂ ਦੇ ਉੱਪਰ ਵੀ ਗੁੰਬਦ ਬਣਨ ਲੱਗੇ। ਸੰਸਾਰ ਵਿਚ ਕੋਈ ਵੀ ਕਲਾ ਸਥਾਨਕ ਨਹੀਂ ਰਹਿੰਦੀ। ਇਹ ਗੁੰਬਦਾਂ ਦੀ ਕਲਾ ਵੀ ਸੰਸਾਰ ਭਰ ਵਿਚ ਫ਼ੈਲੀ ਅਤੇ ਪੰਜਾਬ ਵਿਚ ਪਹੁੰਚੀ। ਸਾਡੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਤੇ ਵੀ ਗੁੰਬਦ ਥਾਂ-ਥਾਂ ਬਣੇ।

ਵੱਡ ਆਕਾਰੀ ਗ਼ਜ਼ਲ ਪੁਸਤਕ “ਅੱਖਰ ਅੱਖਰ ” ਦੇ ਗੁੰਬਦ ਰਾਹੀਂ ਪੰਜਾਬੀ ਗ਼ਜ਼ਲ ਉੱਤੇ ਵੀ ਸੋਨਾ ਚੜ੍ਹਨ ਵਾਲਾ ਹੈ। ਇਹ ਗਜ਼ਲ- ਗਰੰਥ ਪੰਜਾਬੀ ਗ਼ਜ਼ਲ ਇਮਾਰਤ ਉਤੇ ਗੁੰਬਦ ਹੈ। ਇਹ ਗੁੰਬਦ ਗ਼ਜ਼ਲ ਦੀ ਗੂੰਜ ਪੈਦਾ ਕਰੇਗਾ।

ਗੁਰਭਜਨ ਗਿੱਲ ਨੇ “ਅੱਖਰ-ਅੱਖਰ” ਗ਼ਜ਼ਲ ਗੁੰਬਦ ਵਿਚ 910 ਗ਼ਜ਼ਲਾਂ ਸ਼ਾਮਲ ਕਰਕੇ ਗ਼ਜ਼ਲ ਗੂੰਜ – ਬਾਜ਼ ਵਿੱਚ ਅਲਹਿਦਾ ਅਤੇ ਅਖੰਡ ਗੂੰਜ ਪੈਦਾ ਕੀਤੀ ਹੈ। ਜਿਸ ਉੱਤੇ ਸਿਫ਼ਤ ਦੇ ਸੋਨ ਪੱਤਰੇ ਚਾੜ੍ਹੇ ਜਾਣੇ ਨਿਹਿਤ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ਆਭਾ ਦੀ ਰੀਸ ਕਰਦਿਆਂ ਅਗਾਂਹ ਚੱਲ ਕੇ ਅਜੋਕੇ ਸਮੇਂ ਵਿਚ ਹਰ ਪਿੰਡ ਦੇ ਗੁਰੂ ਘਰਾਂ ਵਿੱਚ ਗੁੰਬਦ ਸੁਭਾਇਮਾਨ ਹਨ। ਠੀਕ ਇਸੇ ਤਰ੍ਹਾਂ ਦੀ ਗੱਲ ਪੰਜਾਬੀਆਂ ਦੀ ਹਰਮਨ ਪਿਆਰੀ ਗ਼ਜ਼ਲ ਵਿਧਾ ਬਾਰੇ ਵੀ ਹੈ। ਕਵਿਤਾ ਤੇ ਖਾਸ ਕਰ ਪੱਛਮੀ ਹਨ੍ਹੇਰੀ ਨਾਲ਼ ਉਹਦੇ ਪੱਤਿਆਂ ਵਰਗੀ ਰਬੜ ਛੰਦ ਤੇ ਵਾਰਤਕ ਮੁਖੀ ਕਵਿਤਾ ਨਾਲੋਂ ਕਿਤੇ ਵੱਧ ਗ਼ਜ਼ਲ ਦੇ ਗੁੰਬਦ ਅੱਜ ਪੰਜਾਬ ਦੇ ਕੱਚੇ ਘਰਾਂ ਉਤੇ ਵੀ ਬਣ ਰਹੇ ਹਨ। ਗਜ਼ਲ ਤਾਂ ਗੁਰਭਜਨ ਦੀ ਜਨਮਭੂਮੀ ਪਿੰਡ ਬਸੰਤ ਕੋਟ (ਗੁਰਦਾਸਪੁਰ)ਦੇ ਕੱਚੇ ਘਰ ਦਾ ਸੁਨਹਿਰੀ ਗੁੰਬਦ ਹੈ:

ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜ੍ਹਾਇਆ।

ਸੱਚੀ ਅੜੇ ਥੁੜੇ ਵੇਲੇ ਸਾਨੂੰ ਬੜਾ ਕੰਮ ਆਇਆ।

ਆਡਾਂ ਬੰਨਿਆਂ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ,

ਸੰਗ ਮਰਮਰ ਉੱਤੇ ਸਾਨੂੰ ਤੁਰਨਾ ਨਾ ਆਇਆ।

(ਅੱਖਰ ਅੱਖਰ ਪੰਨਾ-321)

ਇਨ੍ਹਾਂ ਮਿੱਟੀ ਦੇ ਘਰਾਂ ਵਿਚ ਹੀ ਗੁਰਭਜਨ ਦਾ ਬਸੰਤ ਕੋਟ ਵਾਲਾ ਘਰ ਹੈ।

ਅੱਜ ਪੰਜਾਬੀ ਭਾਸ਼ਾ ਦੀ ਗ਼ਜ਼ਲ ਖੇਤਾਂ ਖਲਿਹਾਣਾਂ ਦਾ ਘਾਹ ਹੈ। ਹੁਣ ਇਹ ਧਰਤੀ -ਪੁੱਤਰ ਘਾਹ ਖਤਮ ਨਹੀਂ ਹੋਣਾ ਭਾਵੇਂ ਕਿੰਨੇ ਵੀ ਜ਼ਹਿਰੀ ਛਿੜਕਾਅ ਪਏ ਹੋਣ। ਇਸ ਦੀ ਜੜ੍ਹ ਮਿੱਟੀ ਦੇ ਸੀਨੇ ਵਿੱਚ ਹੈ। ਕਦੇ ਪੰਜਾਬੀ ਹਰ ਤਰ੍ਹਾਂ ਦੀਆਂ ਸਟੇਜਾਂ ਉੱਤੇ ਉਰਦੂ ਦੇ ਸ਼ਿਅਰ ਬੋਲਦੇ ਸਨ ਅੱਜ ਪੰਜਾਬੀ ਸ਼ਾਇਰਾਂ ਦੇ ਸ਼ੇਅਰ ਰੰਗ ਬੰਨ੍ਹਦੇ ਹਨ। ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਈ ਹੋਰ ਮਹੱਤਵਪੂਰਨ ਬੁਲਾਰੇ ਗੁਰਭਜਨ ਗਿੱਲ ਦੇ ਇਹ ਸ਼ਿਅਰ ਬਾਰ ਬਾਰ ਪਾਰਲੀਮੈਂਟ ਤੇ ਪੰਜਾਬ ਅਸੈਂਬਲੀ ਵਿੱਚ ਦੁਹਰਾਉਂਦੇ ਹਨ।

ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ।

ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ।

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ,

ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ।

(ਅੱਖਰ ਅੱਖਰ ਪੰਨਾ -77)

ਪੰਜਾਬੀ ਦੀ ਗ਼ਜ਼ਲ ਪੰਜਾਬੀ ਕਵਿਤਾ ਦੀ ਬੇਟੀ ਹੀ ਹੈ। ਪੰਜਾਬੀ ਕਵਿਤਾ ਜਿੰਨ੍ਹਾਂ ਰਾਹਾਂ ਦੀ ਫੁਲਵਾੜੀ ਹੈ ਗਜ਼ਲ ਵੀ ਉਨ੍ਹਾਂ ਰਾਹਾਂ ਵਿੱਚ ਫੁੱਲਾਂ ਦੀ ਮਹਿਕ ਹੈ। ਜਿੰਨਾਂ ਚਿਰ ਫ਼ਾਰਸੀ ਪੜ੍ਹੀ ਲਿਖੀ ਪੀੜ੍ਹੀ ਜ਼ਿੰਦਾ ਸੀ ਉਹ ਫਾਰਸੀ ਦੀ ਸ਼ਿਅਰਕਾਰੀ ਤੋਂ ਪ੍ਰਭਾਵਿਤ ਰਹਿਣ ਦੀ ਮਜਬੂਰੀ ਪਾਲਦੀ ਰਹੀ ਪਰ ਗੁਰਭਜਨ ਗਿੱਲ ਦੀ ਪੀੜ੍ਹੀ ਨੇ ਇਹ ਛੱਟ ਵੀ ਲਾਹ ਮਾਰੀ।

ਹੁਸਨ, ਇਸ਼ਕ, ਪਿਆਰ, ਮੁਹੱਬਤ ਤੇ ਰਾਂਝਾ ਹੀਰ ਜਾਂ ਮਿਰਜ਼ਾ-ਸਾਹਿਬਾਂ ਦੀ ਪ੍ਰਕਿਰਿਆ ਪੰਜਾਬੀਆਂ ਦੇ ਲਹੂ ਵਿਚ ਸੀ ਉਹ ਕੱਚੇ ਘੜੇ ਤੇ ਤਰ ਕੇ ਇਸ਼ਕ ਪੱਕਾ ਕਰਨ ਦੇ ਮਾਹਿਰ ਸਨ ਅਤੇ ਪੱਟ ਦੀ ਮੱਛਲੀ ਯਾਰ ਨੂੰ ਭੁੰਨ ਕੇ ਖੁਆ ਦਿੰਦੇ ਰਹੇ ਸਨ।

ਸੰਪਰਕਃ94174 84337