ਹਿਮਾਚਲ ‘ਚ ਚਟਾਨਾਂ ਖਿਸਕਣ ਨਾਲ ਸ਼ਿਵ ਮੰਦਰ ਡਿੱਗਿਆ, 20 ਤੋਂ ਵੱਧ ਸ਼ਰਧਾਲੂ ਬਚਾਏ, 9 ਦੀ ਮੌਤ

ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਤਬਾਹੀ ਮਚਾ ਦਿੱਤੀ ਹੈ। ਸੂਬੇ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸਮਰਹਿੱਲ ਸਥਿਤ ਸ਼ਿਵ ਮੰਦਿਰ ‘ਚ ਸਵੇਰੇ 7:02 ਵਜੇ ਚੱਟਾਨਾਂ ਖਿਸਕ ਗਈਆਂ। ਇੱਥੇ ਸਾਵਣ ਦੇ ਆਖਰੀ ਸੋਮਵਾਰ ਨੂੰ ਸ਼ਰਧਾਲੂ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਸਨ। ਫਿਰ ਅਚਾਨਕ ਜ਼ਮੀਨ ਖਿਸਕ ਗਈ ਤੇ ਮੰਦਰ ਰੁੜ੍ਹ ਗਿਆ। ਹਾਸਲ ਜਾਣਕਾਰੀ ਅਨੁਸਾਰ 20 ਤੋਂ ਵੱਧ ਸ਼ਰਧਾਲੂ ਇਸ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆ ਗਏ ਹਨ। ਉਨ੍ਹਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਫਗਲੀ ਵਾਰਡ ਦੀ ਲਾਲ ਕੋਠੀ ਵਿੱਚ ਢਿੱਗਾਂ ਡਿੱਗਣ ਕਾਰਨ 15 ਕੱਚੇ ਡੇਰੇ ਵਹਿ ਗਏ। ਇੱਥੇ ਵੀ 30 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਆਈਟੀਬੀਪੀ ਦੇ ਜਵਾਨ ਮੌਕੇ ‘ਤੇ ਬਚਾਅ ਕਾਰਜ ਚਲਾ ਰਹੇ ਹਨ। ਪੂਰੇ ਸ਼ਹਿਰ ਵਿਚ ਸਥਿਤੀ ਬਹੁਤ ਖਰਾਬ ਹੈ। ਲਗਾਤਾਰ ਪੈ ਰਹੇ ਮੀਂਹ ਨੇ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਮੰਡੀ ਜ਼ਿਲ੍ਹੇ ਵਿੱਚ ਵੀ ਭਾਰੀ ਮੀਂਹ ਕਾਰਨ ਕਾਫੀ ਤਬਾਹੀ ਹੋਈ ਹੈ। ਮੰਡੀ ਦੇ ਪਿੰਡ ਠੱਟਾ ਵਿੱਚ ਬੱਦਲ ਫਟਣ ਕਾਰਨ HRTC ਦੀ ਬੱਸ ਰੁੜ੍ਹ ਗਈ। ਇਹ ਬੱਸ 11 ਅਗਸਤ ਤੋਂ ਸੜਕ ਬੰਦ ਹੋਣ ਕਾਰਨ ਇੱਥੇ ਖੜ੍ਹੀ ਸੀ। ਅਚਾਨਕ ਬੱਦਲ ਫਟਣ ਕਾਰਨ ਬੱਸ ਸਮੇਤ ਹੋਰ ਵਾਹਨ ਵੀ ਵਹਿ ਗਏ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਦੱਸਿਆ ਕਿ ਬੱਸ ਨੰਬਰ ਐਚਪੀ-65-0139 ਬੱਦਲ ਫਟਣ ਕਾਰਨ ਰੁੜ੍ਹ ਗਈ। HRTC ਬੱਸ ਸਟਾਫ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਬੱਸ 47 ਸੀਟਰ ਸੀ। ਦੂਜੇ ਪਾਸੇ ਕੰਡਾਘਾਟ ਦੇ ਐਸਡੀਐਮ ਸਿਧਾਰਥ ਆਚਾਰੀਆ ਨੇ ਦੱਸਿਆ ਕਿ ਸੋਲਨ ਦੇ ਕੰਡਾਘਾਟ ਉਪਮੰਡਲ ਦੇ ਜਾਦੋਨ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਨੂੰ ਬਚਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਘਰ ਅਤੇ ਇੱਕ ਗਊਸ਼ਾਲਾ ਵੀ ਰੁੜ੍ਹ ਗਈ ਹੈ। ਪਹਿਲਾਂ ਮਰਨ ਵਾਲਿਆਂ ਦੀ ਗਿਣਤੀ ਪੰਜ ਸੀ, ਪਰ ਅਧਿਕਾਰੀਆਂ ਨੂੰ ਹੁਣ ਦੋ ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ।