ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਸਿਹਤ ਵਿਗੜੀ, ਮਾਨਸਾ ਦੇ ਨਿੱਜੀ ਹਸਪਤਾਲ ‘ਚ ਦਾਖਲ
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੂੰ ਲੈਕੇ ਵੱਡੀ ਖਬਰ ਆ ਰਹੀ ਹੈ। ਉਨ੍ਹਾਂ ਦੀ ਅਚਾਨਕ ਸਿਹਤ ਵਿਗੜਨ ਕਾਰਨ ਚਰਨ ਕੌਰ ਨੂੰ ਮਾਨਸਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਚਰਨ ਕੌਰ ਦੀ ਹਾਲਤ ਸਥਿਰ ਹੈ, ਪਰ ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਤੱਕ ਹਸਪਤਾਲ ‘ਚ ਅੰਡਰ ਅਬਜ਼ਰਵੇਸ਼ਨ ਰੱਖਿਆ ਜਾਵੇਗਾ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਡਾਕਟਰ ਚਰਨ ਕੌਰ ਦਾ ਇਲਾਜ ਕਰ ਰਹੇ ਹਨ। ਇਸ ਦੇ ਨਾਲ ਨਾਲ ਬਲਕੌਰ ਸਿੰਘ ਨੇ ਇਹ ਵੀ ਦੱਸਿਆ ਕਿ ਬੀਮਾਰ ਹੋਣ ਕਾਰਨ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਵੀ ਨਹੀਂ ਕਰ ਸਕੀ। ਚਰਨ ਕੌਰ ਦੀ ਸਿਹਤ ਵਿਗੜਨ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆਇਆ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ। ਉਹ ਮੂਸੇਵਾਲਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਚਰਨ ਕੌਰ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਜੇ ਖਤਮ ਕਰਨਾ ਸੀ ਮੇਰੇ ਪੁੱਤ ਨੂੰ ਕਲਾਕਾਰੀ ਨਾਲ ਕਰਦੇ ਗੰਦੀ ਰਾਜਨੀਤੀ ਨਾਲ ਨੀ ਉਸਨੂੰ ਖਤਮ ਕਰਕੇ ਵੀ ਖਤਮ ਨੀ ਕਰ ਸਕੇ l ਮਾਣ ਐ ਸ਼ੁਭ ਪੁੱਤ ਤੇਰੇ ਤੇ… ਗਾਇਕ ਦੀ ਮਾਤਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਜਿਹਨਾਂ ਦੇ ਮੁਕਾਬਲੇ ਨਹੀਂ ਹੁੰਦੇ ਉਹ ਮਰਵਾ ਦਿੱਤੇ ਜਾਂਦੇ ਨੇ ਪਰ ਉਹ ਮਰਦੇ ਨਹੀਂ ਅਮਰ ਹੋ ਜਾਂਦੇ ਨੇ, ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜੋਂ ਕੰਮ ਬਾਈ ਨੇ 5 ਸਾਲ ਚ ਕਰਤੇ ਓਹ ਕੋਇ 100 ਸਾਲ ਚ ਵੀ ਨੀ ਕਰ ਸਕਦਾ
ਕਾਬਿਲੇਗੌਰ ਹੈ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਲਗਾਤਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।