ਬਿਨਾਂ ਲਾਇਸੈਂਸ ਸ਼ਰਾਬ ਪਰੋਸਣ ‘ਤੇ ਚਿਕਨ ਕੋਰਨਰ ਦੇ ਮਾਲਕ ਖਿਲਾਫ ਕੇਸ ਦਰਜ਼
ਲੁਧਿਆਣਾ – ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸਣ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਦੇਰ ਰਾਤ ਤੱਕ ਖੁੱਲੇ ਰਹਿਣ ਵਾਲੇ ਰੈਸਟੋਰੈਂਟਾਂ/ਬਾਰਾਂ ‘ਤੇ ਨਕੇਲ ਕੱਸਿਦਆਂ, ਆਬਕਾਰੀ ਵਿਭਾਗ ਵਲੋਂ ਸਥਾਨਕ ਪੱਖੋਵਾਲ ਰੋਡ ਵਿਖੇ ਸਥਿਤ ਅਮਨ ਚਿਕਨ ਨਾਮਕ ਇੱਕ ਰੈਸਟੋਰੈਂਟ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਈ.ਟੀ.ਓ ਹਰਜੋਤ ਬੇਦੀ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਦੀਆਂ ਹਦਾਇਤਾਂ ‘ਤੇ ਸੂਬੇ ਭਰ ਵਿੱਚ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਲਾਇਸੰਸਸ਼ੁਦਾ ਰੈਸਟੋਰੈਂਟਾਂ/ਬਾਰਾਂ ਨੂੰ ਹੀ ਆਪਣੇ ਅਹਾਤੇ ‘ਤੇ ਸ਼ਰਾਬ ਪਰੋਸਣ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਵੀ ਮਨਜ਼ੂਰਸ਼ੁਦਾ ਸਮੇਂ ਦੇ ਅੰਦਰ ਭਾਵ ਰਾਤ 01 ਵਜੇ ਤੱਕ। ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਆਬਕਾਰੀ ਪਟਿਆਲਾ ਜ਼ੋਨ ਸੁਰਿੰਦਰ ਗਰਗ ਨੇ ਫੀਲਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਰੈਸਟੋਰੈਂਟਾਂ/ਬਾਰਾਂ ਦੀ ਅਚਨਚੇਤ ਚੈਕਿੰਗ ਕਰਨ।
ਸ੍ਰੀ ਬੇਦੀ ਨੇ ਇਹ ਵੀ ਦੱਸਿਆ ਕਿ ਲੁਧਿਆਣਾ ਡਵੀਜ਼ਨ ਵਿੱਚ ਇੱਕ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ ਹੈ ਜਿਸ ਤਹਿਤ ਸਾਰੇ ਰੈਸਟੋਰੈਂਟਾਂ/ਬਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਸਰਕਾਰੀ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਰ ਰਾਤ 01 ਵਜੇ ਤੋਂ ਬਾਅਦ ਚੱਲਦਾ ਪਾਇਆ ਗਿਆ ਤਾਂ ਉਸਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬਿਨਾਂ ਲਾਇਸੈਂਸ ਤੋਂ ਸ਼ਰਾਬ ਪੀਣਾ ਵੀ ਇੱਕ ਫੌਜਦਾਰੀ ਜੁਰਮ ਹੈ ਜਿਸ ਤਹਿਤ ਉਲੰਘਣਾ ਕਰਨ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ਼ ਕੀਤੀ ਜਾਵੇਗੀ। ਚੈਕਿੰਗ ਦੌਰਾਨ ਬਾਰ ਮਾਲਕਾਂ ਨੂੰ ਦੇਰ ਰਾਤ ਤੱਕ ਕੰਮ ਕਰਨ ਤੋਂ ਵਰਜਿਆ ਗਿਆ ਸੀ ਕਿਉਂਕਿ ਕੁਝ ਦਿਨ ਪਹਿਲਾਂ ਕੁਝ ਰੈਸਟੋਰੈਂਟ/ਬਾਰ ਰਾਤ 1 ਵਜੇ ਤੋਂ ਬਾਅਦ ਖੁੱਲ੍ਹੇ ਪਾਏ ਗਏ ਸਨ। ਉਨ੍ਹਾਂ ਦੱਸਿਆ ਕਿ ਅਣ-ਅਧਿਕਾਰਤ ਸਥਾਨਾਂ ਅਤੇ ਦੇਰ ਰਾਤ ਚੱਲਣ ਵਾਲੇ ਰੈਸਟੋਰੈਂਟਾਂ/ਬਾਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।