ਲੁਧਿਆਣਾ ਵਿੱਚ 7ਕਰੋੜ ਰੁਪਏ ਦੀ ਲੁੱਟ ਦੀ ਪੁਲਿਸ ਅਧਿਕਾਰੀਆਂ ਨੇ ਕੀਤੀ ਪੁਸ਼ਟੀ – ਅੱਧੀ ਰਾਤ ਤੋਂ ਬਾਅਦ ਵਾਪਰੀ ਘਟਨਾ – ਪੁਲਿਸ ਨੇ ਗੱਡੀ ਕੀਤੀ ਬ੍ਰਾਮਦ – ਵੇਖੋ ਵੀਡੀਓ
ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਸੀ.ਐੱਮ.ਐੱਸ ਤੋਂ ਕਰੀਬ ਸੱਤ ਕਰੋੜ ਰੁਪਏ ਲੁੱਟ ਲਏ ਗਏ ਹਨ। ਲੁਟੇਰੇ ਕੰਪਨੀ ਦੀ ਆਪਣੀ ਵੈਨ ਵਿੱਚ ਪਈ ਨਕਦੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦੇਰ ਰਾਤ ਕਰੀਬ 1:30 ਵਜੇ ਵਾਪਰੀ। ਪੁਲਿਸ ਨੂੰ ਸਵੇਰੇ ਸੱਤ ਵਜੇ ਸੂਚਨਾ ਮਿਲੀ। ਜਾਂਚ ਦੌਰਾਨ ਪੁਲੀਸ ਨੂੰ ਮੁੱਲਾਂਪੁਰ ਦੇ ਪਿੰਡ ਪੰਡੋਰੀ ਵਿਖੇ ਇੱਕ ਕੈਸ਼ ਵੈਨ ਮਿਲੀ। ਪੁਲਿਸ ਮੁਤਾਬਕ ਇਸ ਵਿੱਚ ਦੋ ਹਥਿਆਰ ਵੀ ਮਿਲੇ ਹਨ।
ਨਿਊਜ਼ ਪੰਜਾਬ
ਪੁਲਿਸ ਅਧਿਕਾਰੀਆਂ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰ ਦਿਤੀ ਹੈ।
ਸ਼ੁੱਕਰਵਾਰ ਨੂੰ ਕਰੀਬ ਡੇਢ ਵਜੇ ਕੰਪਨੀ ਦੇ ਅਹਾਤੇ ‘ਚ 9-10 ਵਿਅਕਤੀ ਦਾਖਲ ਹੋਏ। ਇਨ੍ਹਾਂ ਵਿੱਚੋਂ ਦੋ ਵਿਅਕਤੀ ਪਿਛਲੇ ਰਸਤੇ ਰਾਹੀਂ ਕੰਪਨੀ ਦੇ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਦਰਵਾਜ਼ਾ ਖੋਲ੍ਹਿਆ। ਇਸ ਤੋਂ ਬਾਅਦ ਬਾਕੀ ਮੁਲਜ਼ਮ ਅੰਦਰ ਆਏ ਅਤੇ ਉਥੇ ਤਾਇਨਾਤ ਦੋ ਗਾਰਡਾਂ ਅਤੇ ਤਿੰਨ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਉਹ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਗੱਡੀ ਮੁਲਾਂਪੁਰ ਨੇੜਿਓਂ ਬਰਾਮਦ ਕਰ ਲਈ ਹੈ।
ਪੁਲਿਸ ਕਮਿਸ਼ਨਰ ਸ੍ਰ. ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਦੱਸਿਆ ਕਿ ਪੁਲਿਸ ਸਾਰੇ ਪੰਜਾਬ ਵਿੱਚ ਦੋਸ਼ੀਆਂ ਦੀ ਭਾਲ ਕਰ ਰਹੀ ਹੈ , ਉਹਨਾਂ ਕਿਹਾ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਕੰਪਨੀ ਦੇ ਦਫ਼ਤਰ ਵਿੱਚ ਬਣੇ ਚੈਸਟ ਵਿੱਚ ਨਕਦੀ ਰੱਖੀ ਹੋਈ ਹੈ। ਇਸ ਦੇ ਬਾਹਰ ਸ਼ੁੱਕਰਵਾਰ ਨੂੰ ਇਕਠੀ ਕੀਤੀ ਰਕਮ ਬਕਸੇ ‘ਚ ਰੱਖਿਆ ਹੋਇਆ ਸੀ , ਜੋ ਕਰੀਬ ਸੱਤ ਕਰੋੜ ਰੁਪਏ ਸੀ। ਮੁਲਜ਼ਮਾਂ ਨੇ ਕਰੀਬ ਦੋ ਤੋਂ ਢਾਈ ਘੰਟੇ ਤੱਕ ਪੂਰੇ ਇਲਾਕੇ ਦੀ ਚੈਕਿੰਗ ਕੀਤੀ ਅਤੇ ਉਥੇ ਖੜ੍ਹੀ ਵੈਨ ਆਦਿ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਉਹ ਬਕਸੇ ਵਿੱਚ ਰੱਖੇ ਸੱਤ ਕਰੋੜ ਰੁਪਏ ਲੈ ਕੇ ਕੰਪਨੀ ਦੀ ਵੈਨ ਵਿੱਚ ਫਰਾਰ ਹੋ ਗਏ ।
ਸਵੇਰੇ ਸੱਤ ਵਜੇ ਬੰਧਕ ਕਰਮਚਾਰੀ ਦਰਵਾਜ਼ਾ ਤੋੜ ਕੇ ਬਾਹਰ ਆਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਸੈਂਸਰ ਦੀ ਤਾਰ ਕੱਟ ਦਿੱਤੀ ਅਤੇ ਡੀਵੀਆਰ ਵੀ ਲੈ ਗਏ।
ਇਸ ਦਫ਼ਤਰ ਦੇ ਦੋ ਗੇਟ ਹਨ। ਪਿਛਲੇ ਗੇਟ ਦੇ ਪਾਸੇ ਮੈਰਿਜ ਪੈਲੇਸ ਹੈ, ਜਦੋਂ ਕਿ ਮੁੱਖ ਗੇਟ ਦੇ ਸਾਹਮਣੇ ਕੋਠੀਆਂ ਹਨ। ਗੇਟ ਦੇ ਬਿਲਕੁਲ ਸਾਹਮਣੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਹੈੱਡਕੁਆਰਟਰ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਇਹ ਇਲਾਕਾ ਇੰਨੀ ਜ਼ਿਆਦਾ ਨਕਦੀ ਰੱਖਣ ਲਈ ਸੁਰੱਖਿਅਤ ਨਹੀਂ ਹੈ।