ਪ੍ਰਦੂਸ਼ਣ – ਲੁਧਿਆਣਾ ਸਮੇਤ ਕਈ ਜਿਲਿਆਂ ਦੀ ਧਰਤੀ ਹੇਠਲੇ ਪਾਣੀ ਦੀ ਜਾਂਚ ਕਰੇਗਾ ਭਾਰਤ ਸਰਕਾਰ ਦਾ ਭੂ-ਸਰਵੇਖਣ ਵਿਭਾਗ – ਪਾਣੀ ‘ਚ ਭਾਰੀਆਂ ਧਾਤਾਂ ਤੇ ਹੋਰ ਖਣਿਜਾਂ ਦੀ ਮੌਜੂਦਗੀ ਕਾਰਨ ਪ੍ਰਦੂਸ਼ਣ ਦੇ ਪੱਧਰ ਦੀ ਹੋਵੇਗੀ ਜਾਂਚ
- ਭਾਰਤ ਸਰਕਾਰ ਦਾ ਭੂ-ਸਰਵੇਖਣ ਵਿਭਾਗ (ਜੀਐੱਸਆਈ) ਪੰਜਾਬ ਦੇ ਲੁਧਿਆਣਾ, ਜਲੰਧਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ ਦੇ ਰੋਹਤਕ ਤੇ ਭਿਵਾਨੀ ਜ਼ਿਲ੍ਹਿਆਂ ਵਿਚ ਜ਼ਮੀਨ ਹੇਠਲੇ ਪਾਣੀ ‘ਚ ਭਾਰੀਆਂ ਧਾਤਾਂ ਤੇ ਹੋਰ ਖਣਿਜਾਂ ਦੀ ਮੌਜੂਦਗੀ ਕਾਰਨ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕਰੇਗਾ । ਪ੍ਰਦੂਸ਼ਣ ਦੇ ਕਾਰਨ ਖੋਜ ਕੇ ਸੰਭਵ ਹੱਲ ਸੁਝਾਏ ਜਾਣਗੇ। ‘ਜੀਐੱਸਆਈ’ ਇਸ ਪ੍ਰਾਜੈਕਟ ਨੂੰ ਕੇਂਦਰੀ ‘ਗਰਾਊਂਡ ਵਾਟਰ ਬੋਰਡ’ ਨਾਲ ਮਿਲ ਕੇ ਸਿਰੇ ਚੜ੍ਹਾਏਗਾ।
ਭਾਰਤ ਸਰਕਾਰ ਦਾ ਭੂ-ਸਰਵੇਖਣ ਵਿਭਾਗ (ਜੀਐੱਸਆਈ) ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਜ਼ਮੀਨ ਹੇਠਲੇ ਪਾਣੀ ‘ਚ ਭਾਰੀਆਂ ਧਾਤਾਂ ਤੇ ਹੋਰ ਖਣਿਜਾਂ ਦੀ ਮੌਜੂਦਗੀ ਕਾਰਨ ਪ੍ਰਦੂਸ਼ਣ ਦੇ ਪੱਧਰ ਨੂੰ ਜਾਂਚਣ ਲਈ ਇਕ ਪ੍ਰਾਜੈਕਟ ਉਤੇ ਕੰਮ ਕਰੇਗਾ। ਮੀਡੀਆ ਰਿਪੋਰਟਾਂ ਅਨੁਸਾਰ ਇਸ ਪ੍ਰਾਜੈਕਟ ਤਹਿਤ ਇਕ ਨਕਸ਼ਾ ਤਿਆਰ ਕੀਤਾ ਜਾਵੇਗਾ ਜਿਸ ਵਿਚ ਪ੍ਰਦੂਸ਼ਣ ਤੋਂ ਪ੍ਰਭਾਵਿਤ ਤੇ ਇਸ ਦੀ ਮਾਰ ਤੋਂ ਬਚੇ ਹੋਏ ਇਲਾਕਿਆਂ ਨੂੰ ਦਰਸਾਇਆ ਜਾਵੇਗਾ। ਇਸ ਪ੍ਰਾਜੈਕਟ ਨੂੰ ਦੋ ਸਾਲਾਂ ਵਿਚ ਮੁਕੰਮਲ ਕੀਤਾ ਜਾਵੇਗਾ ਤੇ ਇਹ ਪੰਜਾਬ ਦੇ ਲੁਧਿਆਣਾ, ਜਲੰਧਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿਚ ਲਾਗੂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਹਰਿਆਣਾ ਦੇ ਰੋਹਤਕ ਤੇ ਭਿਵਾਨੀ ਜ਼ਿਲ੍ਹਿਆਂ ਵਿਚ ਵੀ ਪਾਣੀ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਜਾਂਚਿਆ ਜਾਵੇਗਾ। ਪਾਣੀਆਂ ਵਿਚ ਪਾਰਾ, ਨਿੱਕਲ, ਪਲੈਟੀਨਮ, ਯੂਰੇਨੀਅਮ, ਥੈਲੀਅਮ, ਲੈੱਡ (ਸੀਸਾ), ਲੋਹਾ, ਆਰਸੈਨਿਕ, ਮੈਗਨੀਜ਼ ਤੇ ਹੋਰ ਧਾਤਾਂ-ਖਣਿਜ ਸ਼ਾਮਲ ਹੋ ਸਕਦੇ ਹਨ। ਪ੍ਰਾਜੈਕਟ ਤਹਿਤ ਜੀਓਜੈਨਿਕ ਦੀ ਮੌਜੂਦਗੀ ਵੀ ਖੋਜੀ ਜਾਵੇਗੀ, ਜੋ ਕਿ ਮਿੱਟੀ ਵਿਚ ਹੁੰਦੀ ਹੈ ਤੇ ਨਾਲ ਹੀ ਐਂਥਰੋਪੋਜੈਨਿਕ ਦੀ ਮੌਜੂਦਗੀ ਵੀ ਜਾਂਚ ਵੀ ਕੀਤੀ ਜਾਵੇਗੀ ਜੋ ਕਿ ਮਨੁੱਖੀ ਗਤੀਵਿਧੀ ਨਾਲ ਸਬੰਧਤ ਹੈ।
ਜ਼ਿਕਰਯੋਗ ਹੈ ਕਿ ਕੁਝ ਸਰਕਾਰੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਪੰਜਾਬ ਦੇ 13 ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ‘ਚ ਆਰਸੈਨਿਕ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਹੈ। ਇਸ ਤੋਂ ਇਲਾਵਾ ਪੰਜਾਬ ਦੇ 15,384 ਘਰਾਂ ਵਿਚੋਂ ਲਏ ਗਏ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਵਿਚ ਧਾਤਾਂ ਦੀ ਮਾਤਰਾ ਕਾਫੀ ਵੱਧ ਪਾਈ ਗਈ ਸੀ। ਇਸ ਤੋਂ ਪਹਿਲਾਂ ਕੀਤੇ ਗਏ ਅਧਿਐਨ ਵਿਚ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਪਾਣੀ ਵਿਚ ਆਰਸੈਨਿਕ ਤੇ ਫਲੋਰਾਈਡ ਮਿਲਿਆ ਸੀ, ਜਦਕਿ ਹੁਸ਼ਿਆਰਪੁਰ ਦੇ ਪਾਣੀ ਵਿਚ ਸੈਲੇਨੀਅਮ ਮਿਲਿਆ ਸੀ, ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿਚ ਯੂਰੇਨੀਅਮ ਤੇ ਫਲੋਰਾਈਡ ਵੀ ਮਿਲਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਤੇ ਜਲੰਧਰ ਜਿਹੇ ਉਦਯੋਗਿਕ ਖੇਤਰਾਂ ਦੇ ਪਾਣੀ ਵਿਚ ਭਾਰੀਆਂ ਧਾਤਾਂ ਦੇ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਵੱਧ ਹੈ।
ਤਸਵੀਰਾਂ – ਸ਼ੋਸ਼ਲ ਮੀਡੀਆ