ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਸਮੇਤ ਕਈ ਵੱਡੇ ਸਿਆਸੀ ਤੇ ਪੰਥਕ ਆਗੂ ਪੁੱਜੇ – ਸੰਗਤਾਂ ਦਾ ਵੱਡਾ ਇਕੱਠ – ਸੁਖਬੀਰ ਸਿੰਘ ਬਾਦਲ ਨੇ ਹੋਈਆਂ ਗਲਤੀਆ ਦੀ ਸੰਗਤਾਂ ਤੋਂ ਮੁਆਫੀ ਮੰਗ ਕੇ ਲਈ ਅਸ਼ੀਰਵਾਦ – ਵੇਖੋ ਸਮਾਗਮ ਦੀਆਂ ਤਸਵੀਰਾਂ
ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪਿੰਡ ਬਾਦਲ ਵਿਖੇ ਹੋਈ। ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ’ਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਵੱਡੀਆਂ ਸ਼ਖਸੀਅਤਾਂ ਪਹੁੰਚੀਆਂ। ਇਸ ਸਮੇ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਾਦਲ ਸਾਬ੍ਹ ਨੇ ਹਮੇਸ਼ਾ ਸੱਚਾ ਰਾਹ ਵਿਖਾਇਆ ਹੈ। ਦੇਸ਼ ਤੋਂ ਇੱਕ ਸੱਚਾ ਦੇਸ਼ ਭਗਤ ਤੇ ਕਿਸਾਨਾਂ ਦਾ ਹਮਦਰਦ ਵਿਛੜ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਣਾ ਦੇਸ਼ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਬਾਦਲ ਸਾਬ੍ਹ ਦੇ ਜਾਣ ਨਾਲ ਪੈਦਾ ਹੋਇਆ ਵੱਡਾ ਖਲਾਅ ਨੂੰ ਭਰਨਾ ਬਹੁਤ ਔਖਾ ਹੈ।
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ। ਭਾਜਪਾ ਆਗੂ ਤਰੁਣ ਚੁੱਘ, ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੀ ਸ਼ਾਮਲ ਹੋਏ ਹਨ।
ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਹੋਵੇਗੀ ਸੱਚੀ ਸ਼ਰਧਾਂਜਲੀ- ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਮੇਰੇ ਪਰਿਵਾਰ ਤੋਂ ਕਦੇ ਕੋਈ ਗਲਤੀ ਹੋਈ ਹੋਵੇ ਤਾਂ ਮੁਆਫੀ ਮੰਗਦਾ ਹਾਂ। ਇੱਕਠੇ ਹੋ ਕੇ ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਸਰਦਾਰ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸ੍ਰ. ਸੁਖਬੀਰ ਸਿੰਘ ਬਾਦਲ ਨੇ ਅੰਤਿਮ ਅਰਦਾਸ ਮੌਕੇ ਆਈ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਆਏ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੇਰੇ ਕੋਲ ਸੰਗਤ ਤੇ ਸਮੁੱਚੀ ਪਾਰਟੀ ਨੂੰ ਸ਼ੁਕਰੀਆ ਕਹਿਣ ਲਈ ਲਫਜ਼ ਨਹੀਂ ਹਨ। ਪਿਛਲੇ 10 ਦਿਨਾਂ ’ਚ ਮੈ ਲੋਕਾਂ ਤੋਂ ਸਰਦਾਰ ਬਾਦਲ ਬਾਰੇ ਬਹੁਤ ਕੁਝ ਸੁਣਿਆ ਹੈ। ਪੰਜਾਬ ਦੇ ਹਰ ਪਰਿਵਾਰ ਨਾਲ ਸਰਦਾਰ ਬਾਦਲ ਦਾ ਕਿਸੇ ਨਾ ਕਿਸੇ ਤਰ੍ਹਾਂ ਜੁੜਾਅ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈ ਬਾਦਲ ਸਾਬ੍ਹ ਵੱਲੋਂ ਦੱਸੇ ਰਸਤੇ ’ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ, ਐਮ.ਪੀ.ਓ. ਬਿਰਲਾ ਵਰਗੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ।