9 ਸਾਲਾ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਗਾਜ਼ੀਆਬਾਦ ਦੇ ਦੋਸ਼ੀ ਕਪਿਲ ਕਸ਼ਯਪ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਦਿੱਤੀ

ਨਵੀ ਦਿੱਲੀ  – ਪੋਕਸੋ ਅਦਾਲਤ ਦੇ ਜੱਜ ਅਮਿਤ ਕੁਮਾਰ ਪ੍ਰਜਾਪਤੀ ਨੇ ਗਾਜ਼ੀਆਬਾਦ ਦੇ ਮੋਦੀਨਗਰ ਪਿੰਡ ਵਿੱਚ 18 ਅਗਸਤ, 2022 ਨੂੰ 9 ਸਾਲਾ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਦੋਸ਼ੀ ਕਪਿਲ ਕਸ਼ਯਪ (25) ਨੂੰ ਮੌਤ ਦੀ ਸਜ਼ਾ ਸੁਣਾਈ ਹੈ । ਉਸ ‘ਤੇ 61 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਉਸ ਨੂੰ ਅਦਾਲਤ ਨੇ13 ਮਾਰਚ ਨੂੰ ਦੋਸ਼ੀ ਠਹਿਰਾਇਆ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਸਿਰਫ਼ ਛੇ ਦਿਨਾਂ ਵਿੱਚ ਜਾਂਚ ਪੂਰੀ ਕਰਕੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ । ਦੋਸ਼ ਤੈਅ ਕਰਨ ਤੋਂ ਬਾਅਦ ਅਦਾਲਤ ਨੇ 5 ਮਹੀਨੇ 29 ਦਿਨਾਂ ‘ਚ ਆਪਣਾ ਫੈਸਲਾ ਸੁਣਾਇਆ।
ਪੋਕਸੋ ਅਦਾਲਤ ਦੇ ਵਿਸ਼ੇਸ਼ ਸਰਕਾਰੀ ਵਕੀਲ ਸੰਜੀਵ ਬਖਰਵਾ ਨੇ ਦੱਸਿਆ ਕਿ ਕਪਿਲ 6 ਅਤੇ 9 ਸਾਲ ਦੀਆਂ ਦੋ ਭੈਣਾਂ ਨੂੰ ਆਈਸਕ੍ਰੀਮ ਦਿਵਾਉਣ ਦੇ ਬਹਾਨੇ ਲੈ ਗਿਆ ਸੀ ਜਦੋਂ ਉਹ ਘਰ ਦੇ ਬਾਹਰ ਖੇਡ ਰਹੀਆਂ ਸਨ। ਸ਼ਾਹਜਹਾਂਪੁਰ ਪਿੰਡ ‘ਚ ਗੰਨੇ ਦੇ ਖੇਤ ‘ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਪੁਲੀਸ ਨੇ ਉਸ ਨੂੰ 19 ਤਰੀਕ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਲੜਕੀ ਦੀ ਲਾਸ਼ ਬਰਾਮਦ ਕਰ ਲਈ। ਪੁਲਿਸ ਨੇ 14 ਗਵਾਹ ਪੇਸ਼ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਸੀ ਛੇ ਸਾਲ ਦੀ ਬੱਚੀ ਦੀ ਗਵਾਹੀ। ਕਪਿਲ ਨੇ ਉਸ ਦੇ ਸਾਹਮਣੇ ਅੱਤਿਆਚਾਰ ਕੀਤਾ ਸੀ। ਅਦਾਲਤ ਨੇ ਆਪਣੇ 28 ਪੰਨਿਆਂ ਦੇ ਫੈਸਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ।